ਮੁੰਬਈ, 30 ਅਗਸਤ
ਇਸ਼ਾਨ ਖੱਟਰ ਨੇ ਭਾਵੇਂ ਫ਼ਿਲਮੀ ਦੁਨੀਆਂ ਵਿੱਚ ਕਦਮ ਰੱਖਣ ਲਈ ਇਰਾਨ ਦੇ ਫ਼ਿਲਮਸਾਜ਼ ਮਜੀਦ ਮਜੀਦੀ ਦੇ ਡਰਾਮਾ ‘ਬਿਔਂਡ ਦਿ ਕਲਾਊਡਜ਼’ ਵਿੱਚ ਕੰਮ ਕਰ ਕੇ ਸ਼ੁਰੂਆਤ ਕੀਤੀ ਪਰ ਹੁਣ ਉਹ ਬੌਲੀਵੁੱਡ ਵਿੱਚ ਇੱਕ ਹੀਰੋ ਦੀ ਭੂਮਿਕਾ ਨਿਭਾਉਣ ਲਈ ਤਿਆਰ-ਬਰ-ਤਿਆਰ ਹੈ। ਉਹ ਹੁਣ ਫ਼ਿਲਮ ‘ਖਾਲੀ ਪੀਲੀ’ ਵਿੱਚ ਹੀਰੋ ਦੀ ਭੂਮਿਕਾ ’ਚ ਨਜ਼ਰ ਆਵੇਗਾ। ਇਸ਼ਾਨ ਮੁਤਾਬਕ ਹੀਰੋ ਦੀ ਭੂਮਿਕਾ ਤੋਂ ਇੱਕ ਵੱਖਰੀ ਕਿਸਮ ਦੀ ਸੰਤੁਸ਼ਟੀ ਮਿਲਦੀ ਹੈ। ਸਾਲ 2017 ਵਿੱਚ ‘ਬਿਔਂਡ ਦਿ ਕਲਾਊਡਜ਼’ ਵਿੱਚ ਇਸ਼ਾਨ ਨੇ ਇੱਕ ਡਰੱਗ ਡੀਲਰ ਦੀ ਭੂਮਿਕਾ ਨਿਭਾਈ ਸੀ ਜਿਸ ਤੋਂ ਬਾਅਦ ਉਸ ਨੇ ਫ਼ਿਲਮ ‘ਧੜਕ’ ਵਿੱਚ ਅਦਾਕਾਰਾ ਜਾਨਵੀ ਕਪੂਰ ਨਾਲ ਕੰਮ ਕੀਤਾ ਸੀ। ਇਸ ਸਮੇਂ ਉਹ ਬੀਬੀਸੀ ਦੀ ਇੱਕ ਸੀਰੀਜ਼ ‘ਏ ਸੂਟੇਬਲ ਬੁਆਇ’ ਵਿੱਚ ਕੰਮ ਕਰ ਰਿਹਾ ਹੈ, ਜਿਸਨੂੰ ਮੀਰਾ ਨਾਇਰ ਵੱਲੋਂ ਬਣਾਇਆ ਜਾ ਰਿਹਾ ਹੈ। ਇਸ ਸੀਰੀਜ਼ ਵਿੱਚ ਉਹ ਮਨ ਕਪੂਰ ਦੀ ਭੂਮਿਕਾ ਨਿਭਾਅ ਰਿਹਾ ਹੈ, ਜੋ ਕਿ ਇੱਕ ਰਾਜਸੀ ਆਗੂ ਦਾ ਬਾਗ਼ੀ ਪੁੱਤਰ ਹੈ। -ਪੀਟੀਆਈ