ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਅਗਸਤ
ਕੈਨੇਡਾ ਵਿੱਚ ਬਿਨਾਂ ਪ੍ਰਵਾਨਗੀ ਤੋਂ ਪਾਵਨ ਸਰੂਪ ਛਾਪਣ ਦੇ ਮਾਮਲੇ ਵਿੱਚ ਸਿੱਖ ਚਿੰਤਕ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰੰਘ ਨੇ ਆਖਿਆ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ਕੋਈ ਠੋਸ ਕਾਰਵਾਈ ਨਾ ਕਰਨ ਕਾਰਨ ਅੱਜ ਇਹ ਨੌਬਤ ਆਈ ਹੈ। ਇਹ ਮਾਮਲਾ ਭਲਕੇ ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖਤ ਵਿਖੇ ਹੋਣ ਵਾਲੀ ਇਕੱਤਰਤਾ ਵਿੱਚ ਵਿਚਾਰੇ ਜਾਣ ਦੀ ਸੰਭਾਵਨਾ ਹੈ।
ਕੈਨੇਡਾ ਵਿੱਚ ਸਤਨਾਮ ਟਰੱਸਟ ਵੱਲੋਂ ਬਿਨਾਂ ਪ੍ਰਵਾਨਗੀ ਪਾਵਨ ਸਰੂਪ ਛਾਪਣ ਦਾ ਮਾਮਲਾ ਇਸ ਵੇਲੇ ਭਖਿਆ ਹੋਇਆ ਹੈ। ਇਸ ਸਬੰਧ ਵਿੱਚ ਕੈਨੇਡਾ ਤੇ ਹੋਰ ਥਾਵਾਂ ਤੋਂ ਵੀ ਅਕਾਲ ਤਖਤ ’ਤੇ ਸ਼ਿਕਾਇਤਾਂ ਪੁੱਜੀਆਂ ਹਨ। ਸ਼੍ਰੋਮਣੀ ਕਮੇਟੀ ਨੇ ਵੀ ਇਸ ਮਾਮਲੇ ਵਿੱਚ ਆਪਣਾ ਪੱਖ ਸਪਸ਼ਟ ਕਰਦਿਆਂ ਆਖਿਆ ਕਿ ਉਨ੍ਹਾਂ ਇਸ ਸਬੰਧ ਵਿੱਚ ਕੋਈ ਲਿਖਤੀ ਪ੍ਰਵਾਨਗੀ ਨਹੀਂ ਦਿੱਤੀ ਸੀ। ਪਾਵਨ ਸਰੂਪਾਂ ਦੀ ਛਪਾਈ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਕਿ ਪਾਵਨ ਸਰੂਪ ਛਾਪਣ ਦਾ ਹੱਕ ਸਿਰਫ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਕੋਲ ਹੈ। ਤਰਲੋਚਨ ਸਿੰਘ ਨੇ ਆਖਿਆ ਕਿ ਕੈਨੇਡਾ, ਅਮਰੀਕਾ, ਯੂਕੇ, ਮਲੇਸ਼ੀਆ, ਆਸਟ੍ਰੇਲੀਆ ਸਮੇਤ ਹੋਰ ਕਈ ਮੁਲਕਾਂ ਵਿੱਚ ਇਸ ਵੇਲੇ ਸਿੱਖ ਵੱਡੀ ਗਿਣਤੀ ਵਿਚ ਵਸੇ ਹੋਏ ਹਨ, ਜਿਨ੍ਹਾਂ ਵੱਲੋਂ ਉਥੇ ਗੁਰਦੁਆਰੇ ਵੀ ਸਥਾਪਿਤ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਪਾਵਨ ਸਰੂਪਾਂ ਦੀ ਵੀ ਵੱਡੀ ਮੰਗ ਹੈ ਪਰ ਇਹ ਸਰੂਪ ਉਥੇ ਲਿਜਾਣ ਵਾਸਤੇ ਉਨ੍ਹਾਂ ਕੋਲ ਕੋਈ ਸਾਧਨ ਨਹੀਂ ਹੈ। ਸਿੱਖਾਂ ਦੀ ਵੱਖ ਵੱਖ ਮੁਲਕਾਂ ਵਿੱਚ ਵਧਦੀ ਆਬਾਦੀ ਦੌਰਾਨ ਇਹ ਮੰਗ ਵੀ ਵਧ ਰਹੀ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਕਈ ਵਾਰ ਕੈਨੇਡਾ ਅਤੇ ਅਮਰੀਕਾ ਵਿਚ ਸਰੂਪਾਂ ਦੀ ਛਪਾਈ ਸ਼ੁਰੂ ਕਰਨ ਬਾਰੇ ਕਹਿ ਚੁੱਕੀ ਹੈ। ਕਈ ਵਫ਼ਦ ਵੀ ਇਸ ਸਬੰਧ ਵਿਚ ਵਿਦੇਸ਼ ਦੌਰੇ ਕਰ ਚੁੱਕੇ ਹਨ। ਕੈਨੇਡਾ ਵਿੱਚ ਇਸ ਸਬੰਧ ਵਿੱਚ ਸਿੱਖਾਂ ਵੱਲੋਂ ਜ਼ਮੀਨ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ ਪਰ ਕਈ ਵਰ੍ਹੇ ਬੀਤਣ ਮਗਰੋਂ ਵੀ ਇਸ ਸਬੰਧ ਵਿੱਚ ਕੋਈ ਠੋਸ ਕਾਰਵਾਈ ਨਹੀਂ ਹੋਈ।
ਸ਼੍ਰੋਮਣੀ ਕਮੇਟੀ ਜਵਾਬਦੇਹ ਹੋਵੇ: ਤਰਲੋਚਨ ਸਿੰਘ
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ਼ੋਮਣੀ ਕਮੇਟੀ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਆਧੁਨਿਕ ਤਕਨਾਲੋਜੀ ਦੇ ਯੁਗ ਦਾ ਲਾਹਾ ਲੈਂਦੇ ਹੋਏ ਵਿਦੇਸ਼ਾਂ ਵਿੱਚ ਵੀ ਪਾਵਨ ਸਰੂਪਾਂ ਦੀ ਛਪਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਇਸ ਮਾਮਲੇ ਵਿੱਚ ਸਿੱਖ ਸੰਸਥਾਵਾਂ ਨੂੰ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਕਈ ਸੰਸਥਾਵਾਂ ਨੇ ਅਕਾਲ ਤਖ਼ਤ ਸਾਹਿਬ ’ਤੇ ਸ਼ਿਕਾਇਤਾਂ ਦੀ ਦਰਜ ਕਰਵਾਈਆਂ ਹਨ।