ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਅਗਸਤ
ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ’ਤੇ ਆਧਾਰਿਤ ਸੰਸਥਾ ‘ਸੰਕਲਪ’ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਲਿਖਤੀ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਪਟਿਆਲਾ ਗੇਟ ਬਾਹਰ ਸੋਹੀਆਂ ਰੋਡ ਨੂੰ ਚੌੜਾ ਕਰਨ ਮੌਕੇ ਦਰੱਖਤਾਂ ਦੀ ਕਟਾਈ ਨਾ ਕੀਤੀ ਜਾਵੇ। ਵਫ਼ਦ ਵੱਲੋਂ ਪ੍ਰਸ਼ਾਸ਼ਨ ਨੂੰ ਵੱਖ-ਵੱਖ ਕਈ ਸੁਝਾਅ ਦਿੱਤੇ ਗਏ ਅਤੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਭਰੋਸਾ ਦਿਵਾਇਆ ਕਿ ਵਿਕਾਸ ਪ੍ਰਾਜੈਕਟ ਸਬੰਧੀ ਸੁਝਾਵਾਂ ਉਪਰ ਗੌਰ ਕੀਤਾ ਜਾਵੇਗਾ।
ਸੰਸਥਾ ਵੱਲੋਂ ਬਣਾਈ ਸਬ ਕਮੇਟੀ ’ਚ ਕਨਵੀਨਰ ਡਾ. ਅਮਨਦੀਪ ਕੌਰ ਗੋਸਲ, ਇੰਜ. ਬਲਦੇਵ ਸਿੰਘ ਗੋਸਲ, ਮਹਿੰਦਰਪਾਲ ਸਿੰਘ ਪਾਹਵਾ, ਸੁਰਿੰਦਰਪਾਲ ਸਿੰਘ ਸਿਦਕੀ, ਸੁਆਮੀ ਰਾਵਿੰਦਰ ਗੁਪਤਾ, ਨਰਵਿੰਦਰ ਸਿੰਘ ਕੌਸ਼ਲ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਨੇ ਪ੍ਰਸ਼ਾਸਨ ਨੂੰ ਸੁਝਾਅ ਦਿੰਦਿਆਂ ਮੰਗ ਕੀਤੀ ਕਿ ਦਰੱਖਤਾਂ ਦੀ ਕਟਾਈ ਲਈ ਤਿਆਰ ਕੀਤੀ ਯੋਜਨਾ ਉੱਪਰ ਮੁੜ ਵਿਚਾਰ ਕਰਦਿਆਂ ਸੜਕ ਦੇ ਦੋਵੇਂ ਪਾਸੇ ਲੱਗੇ ਦਰੱਖਤਾਂ ਨੂੰ ਨਾ ਕੱਟਿਆ ਜਾਵੇ, ਵਨ ਵੇਅ ਟਰੈਫਿਕ ਕਰਨ ਲਈ ਘੱਟੋ-ਘੱਟ ਵਿਚਕਾਰ ਅੱਠ ਫੁੱਟ ਚੌੜਾ ਡਿਵਾਈਡਰ ਬਣਾ ਦਿੱਤਾ ਜਾਵੇ। ਅਜਿਹਾ ਕਰਨ ਨਾਲ ਦਰੱਖਤਾਂ ਦੀ ਕਟਾਈ ਕਰਨ ਦੀ ਲੋੜ ਨਹੀਂ ਪਵੇਗੀ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਸੰਸਥਾ ਦੇ ਸੁਝਾਵਾਂ ਉੱਪਰ ਗ਼ੌਰ ਕੀਤਾ ਜਾਵੇਗਾ।