ਮੁੰਬਈ, 24 ਅਗਸਤ
ਅਦਾਕਾਰ ਕੰਗਨਾ ਰਣੌਤ ’ਤੇ ਪਾਬੰਦੀ ਲਾਉਣ ਦੀ ਮੰਗ ਕਰਦੀ ਮੁਹਿੰਮ ‘#ਬਾਇਕਾਟ ਕੰਗਨਾ’ ਦੇ ਅੱਜ ਟਵਿੱਟਰ ’ਤੇ ਜ਼ੋਰ ਫੜਨ ਮਗਰੋਂ ਅਦਾਕਾਰਾ ਦੇ ਪ੍ਰਸ਼ੰਸਕਾਂ ਨੇ ‘#ਝਾਂਸੀ ਕੀ ਰਾਣੀ ਕੰਗਨਾ’ ਨਾਂ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਧਰ ਕੰਗਣਾ ਨੇ ਉਸ ਖ਼ਿਲਾਫ਼ ਚਲਾਈ ਇਸ ਮੁਹਿੰਮ ਪਿੱਛੇ ਬੌਲੀਵੁੱਡ ਮਾਫ਼ੀਆ ਦਾ ਹੱਥ ਦੱਸਿਆ ਹੈ। ਕੰਗਨਾ ਨੇ ‘#ਬਾਇਕਾਟ ਕੰਗਨਾ’ ਨਾਂ ਦੀ ਇਸ ਮੁਹਿੰਮ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਆਖਰ ਨੂੰ ਚੂਹੇ ਖੁੱਡਾਂ ’ਚੋਂ ਬਾਹਰ ਆ ਗਏ ਹਨ। ਕੰਗਨਾ ਨੇ ਟਵੀਟ ਕੀਤਾ, ‘ਚੂਹੇ ਬਿਲੋਂ ਸੇ ਬਾਹਰ ਆ ਰਹੇ ਹੈਂ, ਚਲੋ ਥੋੜਾ ਹਾਥ ਪੈਰ ਤੋ ਮਾਫ਼ੀਆ ਭੀ ਮਾਰੇਗੀ।’ ਅਦਾਕਾਰਾ ਨੇ ਰਣਬੀਰ ਕਪੂਰ, ਕਰਨ ਜੌਹਰ, ਆਲੀਆ ਭੱਟ ਤੇ ਵਰੁਣ ਧਵਨ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ’ਤੇ ਸਿਰਲੇਖ ਵਜੋਂ ‘ਵਾਇਰਸ’ ਲਿਖਿਆ ਹੈ। ਤਸਵੀਰ ਦੇ ਦੂਜੇ ਹਿੱਸੇ ਵਿੱਚ ਕੰਗਨਾ ਦੀ ਫ਼ਿਲਮ ‘ਮਨੀਕਰਨਿਕਾ: ਦਿ ਕੁਈਨ ਆਫ਼ ਝਾਂਸੀ’ ਦਾ ਪੋਸਟਰ ਹੈ, ਜਿਸ ’ਤੇ ‘ਸੈਨੇਟਾਈਜ਼ਰ’ ਲਿਖਿਆ ਹੈ। ਕੰਗਨਾ ਨੇ ਤਸਵੀਰ ਨਾਲ ਲਿਖਿਆ, ‘ਚੂਹੋ ਵਾਪਸ ਬਿਲ ਮੇਂ ਚਲੇ ਜਾਓ ਵਰਨਾ ਗੱਬਰ ਆ ਜਾਏਗਾ…ਫਿਲਮੀ ਸਟਾਈਲ ਹੂਲ ਦੇਣੀ ਹੈ ਤੋਂ ਐਸੇ ਦੇਤੇ ਹੈਂ, #ਬਾਇਕਾਟ ਕੰਗਨਾ ਟਰੈਂਡ ਸੇ ਮੁਝੇ ਡਰ ਨਹੀਂ ਲਗਤਾ….ਜਾਓ ਕੁਛ ਹੋਰ ਟਰਾਈ ਕਰ ਲੋ।