ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 9 ਅਗਸਤ
ਆਮ ਆਦਮੀ ਪਾਰਟੀ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਵਿੱਢੇ ਤਿੱਖੇ ਸੰਘਰਸ਼ ਦੀ ਬਦੌਲਤ ਸਰਕਾਰ ਤੇ ਸਿੱਖਿਆ ਵਿਭਾਗ ਨੇ ਨੇੜਲੇ ਪਿੰਡ ਜਲਾਲ ਦੀ ਦਲਿਤ ਬਸਤੀ ਦੇ ਸਰਕਾਰੀ ਮਿਡਲ ਸਕੂਲ ਨੂੰ ਮਰਜ਼ ਕਰਨ ਦਾ ਫ਼ੈਸਲਾ ਰੱਦ ਕਰਕੇ ਉਸ ਨੂੰ ਮੁੜ ਪੁਰਾਣੀ ਇਮਾਰਤ ਵਿਚ ਹੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸਿੱਖਿਆ ਵਿਭਾਗ ਨੇ ਇਸ ਸਕੂਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲ ਵਿੱਚ ਮਰਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਦਾ ਬੱਚਿਆਂ ਦੇ ਮਾਪਿਆਂ ਨੇ ਡਟਵਾਂ ਵਿਰੋਧ ਕੀਤਾ। ‘ਆਪ’ ਹਲਕਾ ਰਾਮਪੁਰਾ ਫੂਲ ਦੇ ਆਗੂ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਵੱਲੋਂ ਇਸ ਸੰਘਰਸ਼ ਵਿਚ ਮਾਪਿਆਂ ਦਾ ਸਾਥ ਦਿੱਤਾ। ਸ. ਭੱਲਾ ਦੀ ਅਗਵਾਈ ਹੇਠ ਇਸ ਮਸਲੇ ਸਬੰਧੀ ਪਿੰਡ ਵਾਸੀਆਂ ਦਾ ਵਫ਼ਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਮਿਲਿਆ। ‘ਆਪ’ ਆਗੂਆਂ ਨੇ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਮਾਪਿਆਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਸਿੱਖਿਆ ਵਿਭਾਗ ਨੇ ਇਸ ਸਕੂਲ ਨੂੰ ਮਰਜ਼ ਕਰਨ ਵਾਲਾ ਆਪਣਾ ਫੈਸਲਾ ਵਾਪਸ ਲੈ ਲਿਆ। ਆਪ ਆਗੂ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਇਹ ਲੋਕਾਂ ਦੇ ਸੰਘਰਸ਼ ਦੀ ਜਿੱਤ ਹੈ।