ਨਵੀਂ ਦਿੱਲੀ, 10 ਅਗਸਤ
ਰਾਜਸਥਾਨ ਵਿੱਚ 14 ਅਗਸਤ ਨੂੰ ਸ਼ੁਰੂ ਹੋ ਰਹੇ ਅਸੈਂਬਲੀ ਇਜਲਾਸ ਤੋਂ ਪਹਿਲਾਂ ਕਾਂਗਰਸ ਤੋਂ ਬਾਗ਼ੀ ਹੋਏ ਆਗੂ ਸਚਿਨ ਪਾਇਲਟ ਨੇ ਅੱਜ ਪਾਰਟੀ ਆਗੂਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ। ਪਾਰਟੀ ਵਿਚਲੇ ਸਿਖਰਲੇ ਸੂਤਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਬਾਅਦ ਦੁਪਹਿਰ ਹੋਈ ਇਸ ਮੀਟਿੰਗ ਦਾ ‘ਸਕਾਰਾਤਮਕ ਨਤੀਜਾ’ ਆਉਣ ਦੀ ਉਮੀਦ ਹੈ। ਸੂੂਤਰਾਂ ਨੇ ਖ਼ਬਰ ਏਜੰਸੀ ਕੋਲ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਪਾਇਲਟ ਸਿਖਰਲੇ ਕਾਂਗਰਸੀ ਆਗੂਆਂ ਦੇ ਸੰਪਰਕ ਵਿੱਚ ਸੀ ਤੇ ਉਹਦੀ ਪਾਰਟੀ ’ਚ ਵਾਪਸੀ ਲਈ ਫਾਰਮੂਲਾ ਤਿਆਰ ਕਰ ਲਿਆ ਗਿਆ ਹੈ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਹੈ ਤਾਂ ਜੋ ਪਾਇਲਟ ਅਤੇ ਉਨ੍ਹਾਂ ਦੇ ਵਫ਼ਾਦਾਰ ਵਿਧਾਇਕਾਂ ਵੱਲੋਂ ਉਠਾਏ ਗਏ ਮੁੱਦਿਆਂ ਦਾ ਨਬਿੇੜਾ ਹੋ ਸਕੇ। ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਸਚਿਨ ਪਾਇਲਟ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਆਪਣੀਆਂ ਚਿੰਤਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੁਤਾਬਕ ਪਾਇਲਟ ਨੇ ਕਾਂਗਰਸ ਪਾਰਟੀ ਅਤੇ ਰਾਜਸਥਾਨ ’ਚ ਕਾਂਗਰਸ ਸਰਕਾਰ ਦੇ ਹਿੱਤ ’ਚ ਕੰਮ ਕਰਨ ਦੀ ਵਚਨਬੱਧਤਾ ਦੁਹਰਾਈ ਹੈ। ਕਾਬਿਲੇਗੌਰ ਹੈ ਕਿ ਪਾਇਲਟ ਤੇ 18 ਹੋਰਨਾਂ ਵਿਧਾਇਕਾਂ ਵੱਲੋਂ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਬਗ਼ਾਵਤ ਦਾ ਝੰਡਾ ਬੁਲੰਦ ਕੀਤੇ ਜਾਣ ਕਰਕੇ ਪਾਰਟੀ ਨੇ ਪਾਇਲਟ ਨੂੰ ਉਪ ਮੁੱਖ ਮੰਤਰੀ ਤੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਸੀ।