ਸੰਤੋਖ ਗਿੱਲ
ਗੁਰੂਸਰ ਸੁਧਾਰ, 24 ਅਗਸਤ
ਥਾਣਾ ਸੁਧਾਰ ਅਧੀਨ ਪਿੰਡ ਹਲਵਾਰਾ ਤੋਂ ਰਾਜੋਆਣਾ ਖ਼ੁਰਦ ਸੰਪਰਕ ਸੜਕ ਉੱਪਰ ਮੋਟਰਸਾਈਕਲ ਸਵਾਰ ਹਲਵਾਰਾ ਵਾਸੀ ਨੌਜਵਾਨ ਹਰਜਿੰਦਰ ਸਿੰਘ ਦੀ ਕੁੱਟਮਾਰ ਕਰ ਕੇ ਕਾਰ ਸਵਾਰ ਲੁਟੇਰੇ ਨਕਦੀ ਅਤੇ ਦੋ ਫ਼ੋਨ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸੁਧਾਰ ਦੇ ਮੁੱਖ ਅਫ਼ਸਰ ਜਸਵੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਘਟਨਾ ਬਾਰੇ ਜਾਣਕਾਰੀ ਤੋਂ ਹੀ ਇਨਕਾਰ ਕੀਤਾ ਹੈ।
ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਨੌਜਵਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਇੰਟਰਲਾਕ ਟਾਈਲ ਫ਼ੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਉਗਰਾਹੀ ਦੇ ਅਠਾਰਾਂ ਹਜ਼ਾਰ ਰੁਪਏ ਕੋਲ ਸਨ ਅਤੇ ਹੋਰ ਪੈਸੇ ਉਗਰਾਹੀ ਲਈ ਪਿੰਡ ਰਾਜੋਆਣਾ ਖ਼ੁਰਦ ਨੂੰ ਜਾ ਰਿਹਾ ਸੀ। ਹਲਵਾਰਾ ਤੋਂ ਨੇੜੇ ਹੀ ਉਸ ਨੂੰ ਇਕ ਬਿਸਕੁਟੀ ਰੰਗ ਦੀ ਪੁਰਾਣੀ ਕਾਰ ਵਿਚ ਸਵਾਰ 5 ਲੁਟੇਰਿਆਂ ਨੇ ਘੇਰਿਆ ਅਤੇ ਕੁੱਟਮਾਰ ਕਰ ਕੇ ਸਾਰੀ ਨਕਦੀ ਅਤੇ ਦੋ ਮੋਬਾਈਲ ਫ਼ੋਨ ਖੋਹ ਲਏ। ਪੀੜਤ ਨੌਜਵਾਨ ਨੇ ਦੱਸਿਆ ਕਿ ਲੁਟੇਰੇ ਉਸ ਦਾ ਮੋਟਰਸਾਈਕਲ ਵੀ ਖੋਹਣਾ ਚਾਹੁੰਦੇ ਸੀ ਪਰ ਉਸ ਨੇ ਜੱਦੋ-ਜਹਿਦ ਕਰ ਕੇ ਬਚਾ ਲਿਆ ਪਰ ਉਨ੍ਹਾਂ ਲੋਹੇ ਦੀਆਂ ਲੱਠਾਂ ਨਾਲ ਕੁੱਟ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।