ਚੰਡੀਗੜ੍ਹ/ਕੋਚੀ, 10 ਅਗਸਤ
ਪੰਜਾਬ ਤੇ ਹਰਿਆਣਾ ’ਚ ਅੱਜ ਕਈ ਥਾਈਂ ਮੀਂਹ ਪੈਣ ਨਾਲ ਦੋਵਾਂ ਸੂਬਿਆਂ ’ਚ ਤਾਪਮਾਨ ਸਧਾਰਨ ਰਿਹਾ। ਮੌਸਮ ਵਿਭਾਗ ਮੁਤਾਬਕ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ’ਚ ਵੀ ਹਲਕੀ ਬਾਰਿਸ਼ ਹੋਈ ਤੇ ਤਾਪਮਾਨ 33.3 ਡਿਗਰੀ ਸੈਲਸੀਅਸ ਰਿਹਾ।
ਪੰਜਾਬ ਦੇ ਅੰਮ੍ਰਿਤਸਰ ਵਿੱਚ 3 ਮਿਲੀਮੀਟਰ ਬਾਰਿਸ਼ ਹੋਈ ਤੇ ਤਾਪਮਾਨ 34 ਡਿਗਰੀ ਰਿਹਾ ਜਦਕਿ ਹਲਕੀ ਬਾਰਿਸ਼ ਮਗਰੋਂ ਪਟਿਆਲਾ ਦਾ ਤਾਪਮਾਨ 33 ਡਿਗਰੀ ਅਤੇ ਲੁਧਿਆਣਾ ਵਿੱਚ 13 ਮਿਲੀਮੀਟਰ. ਬਾਰਿਸ਼ ਹੋਈ ਤੇ ਤਾਪਮਾਨ 32.5 ਡਿਗਰੀ ਰਿਹਾ। ਇਸ ਦੌਰਾਨ ਹਰਿਆਣਾ ਦੇ ਕਰਨਾਲ, ਅੰਬਾਲਾ ਤੇ ਹਿਸਾਰ ਵਿੱਚ ਵੀ ਮੀਂਹ ਪੈਣ ਮਗਰੋਂ ਤਾਪਮਾਨ ਕ੍ਰਮਵਾਰ 34, 33.7 ਅਤੇ 36 ਡਿਗਰੀ ਦਰਜ ਕੀਤਾ ਗਿਆ। ਪੰਜਾਬ ਤੇ ਹਰਿਆਣਾ ’ਚ ਅਗਲੇ ਦੋ ਦਿਨਾਂ ਦੌਰਾਨ ਵੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਇਸੇ ਦੌਰਾਨ ਕੇਰਲਾ ਦੇ ਜ਼ਿਲ੍ਹਾ ਇਡੁੱਕੀ ਦੇ ਪੈਟੀਮੁੜੀ ਖੇਤਰ ਵਿੱਚ ਢਿੱਗਾਂ ਦੇ ਮਲਬੇ ਹੇਠੋਂ 6 ਹੋਰ ਲਾਸ਼ਾਂ ਮਿਲਣ ਨਾਲ ਘਟਨਾ ’ਚ ਮ੍ਰਿਤਕਾਂ ਦੀ ਗਿਣਤੀ 49 ਹੋ ਗਈ ਹੈ। ਲਾਪਤਾ ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਹਨ। ਇਸੇ ਦੌਰਾਨ ਕੋਚੀ ’ਚ ਪਏ ਭਾਰੀ ਮੀਂਹ ਕਾਰਨ ਚਾਰ ਮੌਤਾਂ ਹੋ ਗਈਆਂ ਹਨ
ਹਿਮਾਚਲ ਪ੍ਰਦੇਸ਼ ਅੱਜ ਭਾਰੀ ਮੀਂਹ ਦੀ ਸੰਭਾਵਨਾ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਅੱਜ ਬਾਕੀ ਸੂਬੇ ਦੇ ਮੁਕਾਬਲੇ ਸਭ ਤੋਂ ਵੱਧ 91 ਐੱਮ.ਐੱਮ. ਬਾਰਿਸ਼ ਹੋਈ। ਮੌਸਮ ਵਿਭਾਗ ਦੇ ਸ਼ਿਮਲਾ ਕੇਂਦਰ ਵੱਲੋਂ ਸੂਬੇ ਵਿੱਚ ਮੰਗਲਵਾਰ ਨੂੰ ਭਾਰੀ ਬਾਰਿਸ਼ ਹੋਣ ਸਬੰਧੀ ‘ਸੰਤਰੀ’ ਚਿਤਾਵਨੀ ਜਾਰੀ ਕੀਤੀ ਗਈ ਹੈ।