ਚੰਡੀਗੜ੍ਹ, 3 ਅਗਸਤ (ਦਵਿੰਦਰ ਪਾਲ): ਪੰਜਾਬ ਵਿੱਚ ਲੰਘੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨੇ 19 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਤੇ ਸੂਬੇ ਵਿੱਚ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 442 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਮੁਤਾਬਕ ਲੁਧਿਆਣਾ ਵਿੱਚ 8, ਬਠਿੰਡਾ ਵਿੱਚ 3, ਅੰਮ੍ਰਿਤਸਰ ਵਿਚ 2, ਬਰਨਾਲਾ, ਜਲੰਧਰ, ਮੁਹਾਲੀ, ਨਵਾਂਸ਼ਹਿਰ, ਪਟਿਆਲਾ ਅਤੇ ਸੰਗਰੂਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। 24 ਘੰਟਿਆਂ ਦੌਰਾਨ 677 ਸੱਜਰੇ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹਾਵਾਰ ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ ਵਿੱਚ 186, ਬਠਿੰਡਾ ਵਿੱਚ 118, ਜਲੰਧਰ ਵਿੱਚ 115, ਫਿਰੋਜ਼ਪੁਰ ਵਿੱਚ 51, ਗੁਰਦਾਸਪੁਰ ਤੇ ਪਟਿਆਲਾ ਵਿੱਚ 34-34, ਅੰਮ੍ਰਿਤਸਰ ਵਿੱਚ 29, ਮੋਗਾ ਵਿੱਚ 22, ਬਰਨਾਲਾ ਵਿੱਚ 20, ਫਾਜ਼ਿਲਕਾ ਵਿੱਚ 14, ਪਠਾਨਕੋਟ ਵਿੱਚ 13, ਹੁਸ਼ਿਆਰਪੁਰ ਤੇ ਕਪੂਰਥਲਾ ਵਿੱਚ 9-9, ਸੰਗਰੂਰ ਵਿੱਚ 8, ਫਰੀਦਕੋਟ ਵਿੱਚ 3, ਫਤਿਹਗੜ੍ਹ ਸਾਹਿਬ ਵਿੱਚ 1 ਮਾਮਲਾ ਸਾਹਮਣੇ ਆਇਆ ਹੈ।
ਸੂਬੇ ਦੇ 5 ਜ਼ਿਲ੍ਹਿਆਂ ਵਿੱਚ ਸਥਿਤੀ ਸਭ ਤੋਂ ਜ਼ਿਆਦਾ ਗੰਭੀਰ ਬਣੀ ਹੋਈ ਹੈ। ਇਨ੍ਹਾਂ ਵਿੱਚ ਲੁਧਿਆਣਾ ਮੋਹਰੀ ਹੈ। ਇਸ ਜ਼ਿਲ੍ਹੇ ਵਿੱਚ ਸੱਜਰੇ ਮਾਮਲੇ ਵੀ ਰੋਜ਼ਾਨਾ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ ਤੇ ਮੌਤਾਂ ਵੀ ਸਭ ਤੋਂ ਜ਼ਿਆਦਾ ਹੋ ਰਹੀਆਂ ਹਨ। ਇਨ੍ਹਾਂ ਜ਼ਿਲ੍ਹਿਆਂ ਦੀ ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ ਵਿੱਚ ਕੁੱਲ ਮਾਮਲੇ 3714 ਅਤੇ ਮੌਤਾਂ 115, ਜਲੰਧਰ ਵਿੱਚ ਕੁੱਲ ਮਾਮਲੇ 2610 ਤੇ ਮੌਤਾਂ 55, ਅੰਮ੍ਰਿਤਸਰ ਵਿੱਚ ਮਾਮਲੇ 1985 ਤੇ ਮੌਤਾਂ 85 ਹੋਈਆਂ ਹਨ। ਪਟਿਆਲਾ ਵਿੱਚ ਮਾਮਲੇ 1919 ਤੇ 33 ਮੌਤਾਂ ਹੋ ਗਈਆਂ। ਸੰਗਰੂਰ ਵਿੱਚ ਕੁੱਲ ਮਾਮਲੇ 1126 ਤੱਕ ਪਹੁੰਚ ਗਏ ਹਨ ਤੇ ਮੌਤਾਂ ਦਾ ਅੰਕੜਾ 29 ਤੱਕ ਅੱਪੜ ਗਿਆ ਹੈ। ਵਿਭਾਗ ਵੱਲੋਂ ਹੁਣ ਤੱਕ 6 ਲੱਖ ਤੋਂ ਵੱਧ ਨਮੂਨੇ ਟੈਸਟ ਲਈ ਲਏ ਗਏ ਹਨ। ਸੂਬੇ ਵਿੱਚ 11,882 ਵਿਅਕਤੀ ਸਿਹਤਯਾਬ ਵੀ ਹੋਏ ਹਨ ਤੇ 6102 ਵਿਅਕਤੀ ਇਸ ਸਮੇਂ ਇਲਾਜ ਅਧੀਨ ਹਨ। ਇਨ੍ਹਾਂ ਵਿੱਚੋਂ 166 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਗਈ ਹੈ।