ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 8 ਸਤੰਬਰ
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਦਾਖ਼ਲੇ ਦੀ ਪ੍ਰਕਿਰਿਆ ਨੂੰ ਸੁਖਾਲਾ ਕਰਨ ਲਈ ਹਦਾਇਤਾਂ ਦਿੱਤੀਆਂ ਹਨ ਕਿ ਜੇ ਕੋਈ ਵਿਦਿਆਰਥੀ ਪ੍ਰਾਈਵੇਟ ਸਕੂਲ ਤੋਂ ਹਟ ਕੇ ਸਰਕਾਰੀ ਸਕੂਲ ਵਿੱਚ ਦਾਖ਼ਲ ਹੁੰਦਾ ਹੈ ਤਾਂ ਉਸ ਤੋਂ ਟਰਾਂਸਫ਼ਰ ਸਰਟੀਫਿਕੇਟ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਸਕੂਲ ਮੁਖੀ ਅਜਿਹੇ ਵਿਦਿਆਰਥੀਆਂ ਨੂੰ ਆਪਣੀ ਤਸੱਲੀ ਦੇ ਅਧਾਰ ’ਤੇ ਦਾਖ਼ਲਾ ਦੇ ਸਕਦੇ ਹਨ ਅਤੇ ਅਜਿਹੇ ਕੇਸਾਂ ਵਿੱਚ ਮਾਪਿਆਂ ਕੋਲੋਂ ਬੱਚੇ ਦੀ ਸਰਕਾਰੀ ਸਕੂਲ ਵਿੱਚ ਪੜ੍ਹਾਈ ਸਬੰਧੀ ਲਿਖਤੀ ਰੂਪ ਸਹਿਮਤੀ ਲੈ ਲਈ ਜਾਵੇ। ਇਸ ਤੋਂ ਇਲਾਵਾ ਅਜਿਹੇ ਕਿਸੇ ਵੀ ਵਿਦਿਆਰਥੀ ਕੋਲ ਟਰਾਂਸਫ਼ਰ ਸਰਟੀਫਿਕੇਟ ਨਾ ਹੋਣ ਕਰਕੇ ਉਸਦੇ ਇਮਤਿਹਾਨ ਦੇਣ ਵਿੱਚ ਕੋਈ ਵੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ ਅਤੇ ਦਾਖ਼ਲਾ ਹੋਣ ਤੋਂ ਬਾਅਦ ਹੀ ਟਰਾਂਸਫ਼ਰ ਸਰਟੀਫਿਕੇਟ ਦੀ ਮੰਗ ਕੀਤੀ ਜਾਵੇ। ਅਜਿਹੇ ਕੇਸਾਂ ਵਿੱਚ ਜੇਕਰ ਪ੍ਰਾਈਵੇਟ ਸਕੂਲ ਵਿਦਿਆਰਥੀ ਦਾ ਟਰਾਂਸਫ਼ਰ ਸਰਟੀਫ਼ਿਕੇਟ ਦੇਣ ਲਈ ਮਨ੍ਹਾ ਕਰਦੇ ਹਨ ਤਾਂ ਇਸ ਸਬੰਧੀ ਸ਼ਿਕਾਇਤ ਦੇ ਰੂਪ ਵਿੱਚ ਸਕੂਲ ਦਾ ਵੇਰਵਾ ਮੁੱਖ ਦਫ਼ਤਰ ਵਿਖੇ ਸਹਾਇਕ ਡਾਇਰੈਕਟਰ ਸੰਜੀਵ ਸ਼ਰਮਾ ਜਾਂ ਸਬੰਧਤ ਜ਼ਿਲ੍ਹੇ ਦੇ ਨੋਡਲ ਅਫ਼ਸਰ ਨੂੰ ਭੇਜਿਆ ਜਾਵੇ।