ਪੰਜਾਬ ਵਿਚ ਲਾਵਾਰਸ ਪਸ਼ੂ ਸੜਕੀ ਆਵਾਜਾਈ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਉਜਾੜੇ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ ਪਰ ਅਜੇ ਤੱਕ ਸਰਕਾਰੀ ਪੱਧਰ ਉੱਤੇ ਕੋਈ ਠੋਸ ਕਦਮ ਨਹੀਂ ਉਠਾਏ ਗਏ। ਪਿਛਲੇ ਦਿਨੀਂ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਤੇ ਦੋ ਸਕੇ ਭਰਾਵਾਂ ਸਮੇਤ ਤਿੰਨ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ। ਲੰਘੇ ਸਾਢੇ ਤਿੰਨ ਸਾਲਾਂ ਦੌਰਾਨ ਔਸਤਨ ਹਰ ਤੀਜੇ ਦਿਨ ਲਾਵਾਰਸ ਪਸ਼ੂਆਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਵਿਚ ਇਕ ਮੌਤ ਹੋ ਰਹੀ ਹੈ। ਬਾਜ਼ਾਰਾਂ ਵਿਚ ਘੁੰਮਦੇ ਇਹ ਪਸ਼ੂ ਸਮੁੱਚੇ ਸ਼ਹਿਰੀ ਵਰਗ ਨੂੰ ਪ੍ਰੇਸ਼ਾਨ ਕਰਦੇ ਹਨ। ਕਿਸਾਨਾਂ ਲਈ ਤਾਂ ਹਰ ਰੋਜ਼ ਦੀ ਸਿਰਦਰਦੀ ਹੈ ਹੀ, ਕਿਉਂਕਿ ਬੀੜਾਂ ਜਾਂ ਰਾਜਾਂ ਦੀਆਂ ਸਰਹੱਦਾਂ ਦੇ ਨੇੜੇ ਵਾਲੇ ਕਿਸਾਨਾਂ ਨੂੰ ਫ਼ਸਲਾਂ ਬਚਾਉਣ ਲਈ ਰਾਤਾਂ ਜਾਗ ਕੇ ਕੱਟਣੀਆਂ ਪੈ ਰਹੀਆਂ ਹਨ ਜਾਂ ਫਿਰ ਚੌਕੀਦਾਰ ਰੱਖਣ ਲਈ ਖ਼ਰਚ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਹੁਣ ਤੱਕ ਦੇ ਕੀਤੇ ਉਪਰਾਲੇ ਨਾਕਾਫ਼ੀ ਸਾਬਤ ਹੋ ਰਹੇ ਹਨ।
ਸੂਬੇ ਵਿਚ ਲਗਭੱਗ 425 ਗਊਸ਼ਾਲਾਵਾਂ ਹਨ। ਇਨ੍ਹਾਂ ਵਿਚ ਤਿੰਨ ਲੱਖ ਤੋਂ ਵੱਧ ਗਊਆਂ ਰੱਖਣ ਦੀ ਵਿਵਸਥਾ ਹੈ। ਹਾਲੀਆ ਅਨੁਮਾਨ ਅਨੁਸਾਰ ਅਜੇ ਵੀ 1 ਲੱਖ 70 ਹਜ਼ਾਰ ਲਾਵਾਰਸ ਪਸ਼ੂ ਸੜਕਾਂ ਉੱਤੇ ਹਨ। ਕੋਵਿਡ-19 ਤੋਂ ਪਹਿਲਾਂ ਕਿਸਾਨਾਂ ਨੇ ਲਾਵਾਰਸ ਪਸ਼ੂ ਟਰਾਲੀਆਂ ਵਿਚ ਭਰ ਕੇ ਡਿਪਟੀ ਕਮਿਸ਼ਨਰ ਦਫ਼ਤਰਾਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਛੱਡਣੇ ਵੀ ਸ਼ੁਰੂ ਕਰ ਦਿੱਤੇ ਸਨ। ਅਕਾਲੀ-ਭਾਜਪਾ ਸਰਕਾਰ ਨੇ ਹਰ ਜ਼ਿਲ੍ਹੇ ਵਿਚ ਪਿੰਡਾਂ ਤੋਂ 25 ਤੋਂ 30 ਏਕੜ ਸ਼ਾਮਲਾਟ ਜ਼ਮੀਨ ਲੈ ਕੇ ਪਸ਼ੂ ਵਾੜੇ ਬਣਾਉਣ ਦੀ ਨੀਤੀ ਬਣਾਈ ਸੀ। ਇਨ੍ਹਾਂ ਵਿਚ ਦੋ ਦੋ ਹਜ਼ਾਰ ਲਾਵਾਰਸ ਪਸ਼ੂ ਰੱਖੇ ਜਾਣ ਦੀ ਤਜਵੀਜ਼ ਸੀ। ਹੁਣ ਤੱਕ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਚ ਜ਼ਮੀਨੀ ਵਿਵਾਦ ਹੈ ਪਰ ਬਾਕੀ ਵੀਹ ਜ਼ਿਲ੍ਹਿਆਂ ਦੇ ਪਸ਼ੂ ਵਾੜਿਆਂ ਵਿਚ ਵੀ 11 ਹਜ਼ਾਰ ਦੇ ਕਰੀਬ ਪਸ਼ੂ ਹੀ ਰੱਖੇ ਹੋਏ ਹਨ ਅਤੇ ਉੱਥੇ ਵੀ ਵਿੱਤੀ ਸੰਕਟ ਕਾਰਨ ਹਰੇ ਚਾਰੇ ਦੀ ਸਮੱਸਿਆ ਆ ਰਹੀ ਹੈ। ਇਨ੍ਹਾਂ ਪਸ਼ੂ ਵਾੜਿਆਂ ’ਤੇ ਕਰੋੜਾਂ ਰੁਪਏ ਖ਼ਰਚ ਹੋਏ ਹਨ। ਪੰਜਾਬ ਵਿਚ ਸ਼ਰਾਬ ਦੀ ਵਿਕਰੀ ’ਤੇ ਇਸ ਮਕਸਦ ਲਈ ਸੈੱਸ ਵੀ ਲਗਾਇਆ ਗਿਆ ਹੈ।
ਪਹਿਲਾਂ ਇਸ ਮਾਮਲੇ ਨੂੰ ਭਾਵਨਾਤਮਕ ਰੰਗਤ ਦੇ ਕੇ ਆਪ ਬਣੇ ਗਊ-ਰੱਖਿਅਕਾਂ ਨੇ ਨਾਕਾਰਾਤਮਕ ਤੌਰ ਤਰੀਕੇ ਦੀ ਸਿਆਸਤ ਵੀ ਕੀਤੀ ਪਰ ਬਾਅਦ ਉਹ ਰੁਝਾਨ ਘਟ ਗਿਆ। ਲਾਵਾਰਸ ਪਸ਼ੂਆਂ ਕਾਰਨ ਹੁੰਦੀਆਂ ਦੁਰਘਟਨਾਵਾਂ ਦੇ ਲਗਭੱਗ 27 ਕੇਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੱਲ ਰਹੇ ਹਨ। ਜਾਨ ਗਵਾ ਚੁੱਕੇ ਵਿਅਕਤੀਆਂ ਦੇ ਵਾਰਸ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਵਿਚ ਪ੍ਰਾਈਵੇਟ ਮੈਂਬਰਾਂ ਦੁਆਰਾ ਪੇਸ਼ ਕੀਤੇ ਗਏ ਮਤੇ ਪਾਸ ਕੀਤੇ ਗਏ ਹਨ ਪਰ ਸਰਕਾਰ ਅਜੇ ਤੱਕ ਲਾਵਾਰਸ ਪਸ਼ੂਆਂ ਨੂੰ ਸੜਕਾਂ ਅਤੇ ਖੇਤਾਂ ਵਿਚ ਵੜਨ ਤੋਂ ਰੋਕਣ ਦਾ ਕੋਈ ਠੋਸ ਪ੍ਰਬੰਧ ਨਹੀਂ ਕਰ ਸਕੀ। ਜਿੱਥੇ ਸਰਕਾਰ ਨੂੰ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ੇ ਦਿੱਤੇ ਜਾਣੇ ਚਾਹੀਦੇ ਹਨ, ਉੱਥੇ ਇਸ ਸਬੰਧ ਵਿਚ ਢੁਕਵੀਂ ਨੀਤੀ ਬਣਾ ਕੇ ਉਸ ਨੂੰ ਲਾਗੂ ਕਰਵਾਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ।