ਮਹਿਮੂਦ ਦਰਵੇਸ਼
ਮੈਂ ਕਤਲੇ-ਆਮ ਵੇਖਿਆ ਹੈ
ਮੈਂ ਕਤਲੇ-ਆਮ ਵੇਖਿਆ ਹੈ
ਮੈਂ ਇਕ ਨਕਸ਼ੇ ਦਾ ਸ਼ਿਕਾਰ ਹੋਇਆ ਹਾਂ
ਮੈਂ ਸਪੱਸ਼ਟ ਸ਼ਬਦਾਂ ਦੀ ਇਬਾਰਤ ਹਾਂ
ਮੈਂ ਉੱਡਦੇ ਹੋਏ ਕੰਕਰ ਵੇਖੇ ਹਨ
ਤਰੇਲ ਦੀਆਂ ਬੂੰਦਾਂ ਨੂੰ
ਬੰਬਾਂ ਵਾਂਗ ਡਿੱਗਦੇ ਵੇਖਿਆ ਹੈ
ਉਹਨਾਂ ਨੇ ਜਦੋਂ
ਮੇਰੇ ਲਈ ਦਿਲ ਦੇ ਦਰਵਾਜ਼ੇ
ਬੰਦ ਕਰ ਦਿੱਤੇ
ਰੁਕਾਵਟਾਂ ਪੈਦਾ ਕਰ ਦਿੱਤੀਆਂ
ਤੇ ਕਰਫੀਓ ਲਾ ਦਿੱਤਾ
ਮੇਰੇ ਦਿਲ ਨੇ ਇਕ ਬੰਦ ਗਲੀ ਦਾ
ਰੂਪ ਧਾਰਨ ਕਰ ਲਿਆ
ਮੇਰੇ ਅੰਗ ਪੱਥਰ ਹੋ ਗਏ
ਤੇ ਗੁਲਾਬੀ ਫੁੱਲ ਉੱਗ ਪਏ
ਕੀ ਇੰਝ ਵੀ ਉੱਗਦੇ ਨੇ ਗੁਲਾਬੀ ਫੁੱਲ?
**
ਪੁੱਛ- ਪੜਤਾਲ
ਲਿਖੋ, ਕਿ ਮੈਂ ਇਕ ਅਰਬ ਹਾਂ
ਮੇਰਾ ਕਾਰਡ ਨੰਬਰ 50,000 ਹੈ
ਮੇਰੇ ਅੱਠ ਬੱਚੇ ਹੈਂ
ਨੌਵਾਂ ਅਗਲੀ ਗਰਮੀ ਦੀ ਰੁੱਤੇ
ਜੰਮਣ ਵਾਲਾ ਹੈ
ਨਾਰਾਜ਼ ਤਾਂ ਨਹੀਂ ਹੋ?
ਲਿਖੋ ਕਿ ਮੈਂ ਅਰਬ ਹਾਂ
ਆਪਣੇ ਸਾਥੀਆਂ ਨਾਲ ਪੱਥਰ ਤੋੜਦਾ ਹਾਂ
ਪੱਥਰ ਨੂੰ ਨਿਚੋੜ ਦਿੰਦਾ ਹਾਂ
ਰੋਟੀ ਦੇ ਇਕ ਟੁਕੜੇ ਵਾਸਤੇ
ਆਪਣੇ, ਅੱਠ ਬੱਚਿਆਂ ਵਾਸਤੇ
ਪਰ ਮੈਂ ਭੀਖ ਨਹੀਂ ਮੰਗਦਾ
ਨੱਕ ਨਹੀਂ ਰਗੜਦਾ
ਨਾਰਾਜ਼ ਤਾਂ ਨਹੀਂ ਹੋ?
ਲਿਖੋ ਕਿ ਮੈਂ ਇਕ ਅਰਬ ਹਾਂ
ਸਿਰਫ਼ ਇਕ ਨਾਮ
ਬਗੈਰ ਕਿਸੇ ਅਧਿਕਾਰ ਦੇ
ਇਸ ਨਸ਼ੱਈ ਧਰਤੀ ਉੱਤੇ ਅਟੱਲ
ਮੇਰੀਆਂ ਜੜ੍ਹਾਂ ਡੂੰਘੀਆਂ ਹਨ
ਯੁਗਾਂ ਤੀਕ
ਮੈਂ ਹਲ ਚਲਾਉਣ ਵਾਲੇ
ਕਿਸਾਨ ਦਾ ਪੁੱਤਰ ਹਾਂ
ਘਾਹ-ਫੂਸ ਦੀ ਝੁੱਗੀ
ਵਿਚ ਰਹਿੰਦਾ ਹਾਂ
ਮੇਰੇ ਵਾਲ ਗੂੜ੍ਹੇ ਕਾਲੇ ਹਨ
ਅੱਖਾਂ ਭੂਰੀਆਂ
ਮੱਥੇ ਉੱਤੇ ਅਰਬੀ ਪਗੜੀ
ਬੰਨ੍ਹਦਾ ਹਾਂ।
ਹਥੇਲੀਆਂ ਪਾਟੀਆਂ ਹੋਈਆਂ ਹਨ
ਤੇਲ ਤੇ ਜਵਾਇਣ ਨਾਲ
ਨਹਾਉਣਾ ਪਸੰਦ ਕਰਦਾ ਹਾਂ
ਸਭ ਤੋਂ ਊੱਤੇ ਲਿਖੇ
ਮੈਨੂੰ ਕਿਸੇ ਨਾਲ ਨਫ਼ਰਤ ਨਹੀਂ ਹੈ
ਮੈਂ ਕਿਸੇ ਨੂੰ ਲੁੱਟਦਾ ਨਹੀਂ ਹਾਂ
ਪਰ ਜਦ ਭੁੱਖਾ ਹੁੰਦਾ ਹਾਂ
ਤਾਂ ਆਪਣੇ ਲੁੱਟਣ ਵਾਲਿਆਂ ਨੂੰ
ਨੋਚ ਕੇ ਖਾ ਜਾਂਦਾ ਹਾਂ।
ਖ਼ਬਰਦਾਰ!
ਮੇਰੀ ਭੁੱਖ ਤੋਂ ਖ਼ਬਰਦਾਰ!
ਮੇਰੇ ਕਰੋਧ ਤੋਂ ਖ਼ਬਰਦਾਰ।
**
ਬਾਬਾ! ਮੈਂ ਯੂਸਫ਼ ਹਾਂ
ਬਾਬਾ ਮੈਂ ਯੂਸਫ ਹਾਂ
ਮੇਰੇ ਭਰਾ ਮੈਨੂੰ ਪਿਆਰ
ਨਹੀਂ ਕਰਦੇ ਬਾਬਾ
ਤੇ ਮੈਨੂੰ ਆਪਣੇ ਨਾਲ ਨਹੀਂ ਰੱਖਦੇ।
ਉਹ ਮੇਰਾ ਅਪਮਾਨ ਕਰਦੇ ਨੇ
ਮੈਨੂੰ ਪੱਥਰ ਮਾਰਦੇ ਹਨ
ਤੇ ਗਾਲ੍ਹਾਂ ਕੱਢਦੇ ਹਨ।
ਉਹ ਮੇਰੀ ਮੌਤ ਮੰਗਦੇ ਨੇ
ਤਾਂ ਕਿ ਮੇਰਾ ਬਖਾਨ ਕਰ ਸਕੇ
ਉਹ ਘਰ ਦਾ ਬੂਹਾ ਬੰਦ ਕਰ ਦਿੰਦੇ ਹਨ
ਤੇ ਮੈਨੂੰ ਬਾਹਰ ਕੱਢ ਦਿੰਦੇ ਹਨ
ਉਹ ਮੈਨੂੰ ਖੇਤਾਂ ਵੱਲ ਭਜਾਉਂਦੇ ਹਨ।
ਬਾਬਾ! ਉਹਨਾਂ ਨੇ ਮੇਰੇ ਅੰਗੂਰਾਂ ਵਿਚ ਜ਼ਹਿਰ ਮਿਲਾ ਦਿੱਤਾ ਹੈ
ਉਹਨਾਂ ਨੇ ਮੇਰੇ ਖਿਡੌਣੇ ਤੋੜ ਦਿੱਤੇ
ਹੁਣ ਨਿੰਮ੍ਹੀ ਨਿੰਮ੍ਹੀ ਵਗਦੀ ਹਵਾ ਹੈ
ਮੇਰੇ ਵਾਲਾਂ ਨਾਲ ਖੇਡਦੀ ਹੈ
ਤਾਂ ਉਹ ਸੜ-ਬਲ ਜਾਂਦੇ ਹਨ।
ਬਾਬਾ! ਮੈਂ ਉਹਨਾਂ ਦਾ ਕੀ ਵਿਗਾੜਿਆ ਹੈ?
ਤਿਤਲੀਆਂ ਮੇਰੇ ਮੋਢਿਆਂ ’ਤੇ ਬੈਠਦੀਆਂ ਹਨ
ਚਿੜੀਆਂ ਮੇਰੇ ਹੱਥਾਂ ਉੱਤੇ ਖੇਡਦੀਆਂ ਹਨ
ਬਾਬਾ! ਮੈਂ ਅਜਿਹਾ ਕਿਹੜਾ ਕੰਮ ਕੀਤਾ ਹੈ?
ਕਿ ਉਹ ਮੇਰੇ ਪਿੱਛੇ ਪੈ ਗਏ ਹਨ
ਤੁਸਾਂ ਮੇਰਾ ਨਾਂ ਯੂਸਫ਼ ਰੱਖਿਆ ਸੀ
ਤੇ ਉਹਨਾਂ ਮੈਨੂੰ ਖੂਹ ਵਿਚ ਧੱਕਾ ਦੇ ਦਿੱਤਾ
ਤੇ ਆਖਿਆ :
ਕਿ ‘ਬਘਿਆੜਾਂ ਨੇ ਡੇਘਿਆ ਹੈ’’
ਭਰਾਵਾਂ ਨਾਲੋਂ ਤਾਂ ਬਘਿਆੜ ਹੀ
ਜ਼ਿਆਦਾ ਦਿਆਲੂ ਹੁੰਦੇ ਨੇ
ਬਾਬਾ! ਕੀ ਮੈਂ ਕਿਸੇ ਨਾਲ ਗਲਤ ਕੀਤਾ
ਕਦੋਂ ਮੈਂ ਕਿਹਾ
ਕਿ ਮੈਂ ਗਿਆਰਾਂ ਸਿਤਾਰੇ ਵੇਖੇ ਨੇ
ਤੇ ਸੂਰਜ ਅਤੇ ਚੰਦ ਵੀ
ਸਭ ਮੇਰੇ ਸਾਹਮਣੇ ਗੋਡੇ
ਟੇਕੇ ਹੋਏ ਬੈਠੇ ਸੀ।
-ਅਨੁਵਾਦ ਹਰਭਜਨ ਸਿੰਘ ਹੁੰਦਲ