ਨਵੀਂ ਦਿੱਲੀ: ਨਿੱਜੀ ਖੇਤਰ ਦੀ ਏਅਰਲਾਈਨ ਇੰਡੀਗੋ ਨੇ ਅੱਜ ਕਿਹਾ ਕਿ ਉਸ ਨੇ ਐਤਵਾਰ ਨੂੰ ਮਾਸਕੋ ਤੋਂ ਅੰਮ੍ਰਿਤਸਰ ਤੇ ਅੱਗੇ ਕੋਚੀ ਤੱਕ ਮੁਸਾਫ਼ਰ ਚਾਰਟਰ ਉਡਾਣ ਚਲਾਈ ਸੀ, ਜਿਸ ਰਾਹੀਂ ਕੁੱਲ 212 ਭਾਰਤੀਆਂ ਨੂੰ ਰੂਸ ਦੀ ਰਾਜਧਾਨੀ ਤੋਂ ਵਾਪਸ ਲਿਆਂਦਾ ਗਿਆ ਹੈ। ਏਅਰਲਾਈਨ ਨੇ ਇਕ ਬਿਆਨ ਵਿੱਚ ਕਿਹਾ ਕਿ ਮਾਸਕੋ ਸਥਿਤ ਭਾਰਤੀ ਅੰਬੈਸੀ ਤੇ ਨਿਕਸਟੂਰ ਇੰਡੀਆ ਪ੍ਰਾਈਵੇਟ ਲਿਮਿਟਡ ਦੇ ਸਹਿਯੋਗ ਨਾਲ ਚੱਲੀ ਇਸ ਉਡਾਣ ਵਿੱਚ ਸਵਾਰ ਬਹੁਤੇ ਮੁਸਾਫ਼ਰਾਂ ’ਚ ਵਿਦਿਆਰਥੀ ਸ਼ਾਮਲ ਸਨ। ਕਰੋਨਾ ਮਹਾਮਾਰੀ ਕਰਕੇ ਭਾਰਤ ਵਿੱਚ ਤਜਵੀਜ਼ਤ ਕੌਮਾਂਤਰੀ ਮੁਸਾਫ਼ਰ ਉਡਾਣਾਂ 23 ਮਾਰਚ ਤੋਂ ਬੰਦ ਹਨ। -ਪੀਟੀਆਈ