ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਸਤੰਬਰ
ਲਾਪਤਾ ਪਾਵਨ ਸਰੂਪ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਉਹ ਇਕਾਂਤਵਾਸ ਖ਼ਤਮ ਹੋਣ ਮਗਰੋਂ ਇਸ ਮਾਮਲੇ ਵਿਚ ਸਭ ਸਪੱਸ਼ਟ ਕਰ ਦੇਣਗੇ। ਇਹ ਖ਼ੁਲਾਸਾ ਉਨ੍ਹਾਂ ਨੇ ਆਪਣੇ ਫੇਸਬੁਕ ਖਾਤੇ ’ਤੇ ਕੀਤਾ ਹੈ। ਉਨ੍ਹਾਂ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਵਧਣ-ਘਟਣ ਦੇ ਗੰਭੀਰ ਮਸਲੇ ਸਬੰਧੀ ਮੌਜੂਦਾ ਮੁੱਖ ਸਕੱਤਰ ਹੋਣ ਕਰ ਕੇ ਉਹ ਇਖ਼ਲਾਕੀ ਜ਼ਿੰਮੇਵਾਰੀ ਮੰਨ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਉਹ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਪੜਤਾਲ ’ਚ ਸਹਿਯੋਗ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕੈਨੇਡਾ ਜਾਣਾ ਉਨ੍ਹਾਂ ਦੀ ਪਰਿਵਾਰਕ ਮਜਬੂਰੀ ਸੀ। ਉਨ੍ਹਾਂ ਕਿਹਾ ਕਿ ਸ਼ਾਜਿਸ ਤਹਿਤ ਦੋਸ਼ੀਆਂ ਨੂੰ ਛੱਡ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਉਹ ਵਿਦੇਸ਼ੋਂ ਪਰਤਣ ਮਗਰੋਂ ਇਕਾਂਤਵਾਸ ਵਿੱਚ ਹਨ।