ਨਵੀਂ ਦਿੱਲੀ, 9 ਸਤੰਬਰ
ਸੁਪਰੀਮ ਕੋਰਟ ਨੇ ਲੌਕਡਾਊਨ ਦੌਰਾਨ ਹਵਾਈ ਯਾਤਰਾ ਲਈ ਬੁੱਕ ਹੋਈਆਂ ਟਿਕਟਾਂ ਦਾ ਪੂਰਾ ਪੈਸਾ ਮੋੜਨ ਬਾਰੇ ਕੇਂਦਰ ਤੋਂ ਸਪੱਸ਼ਟੀਕਰਨ ਮੰਗਿਆ ਹੈ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਹੇਠਲੇ ਬੈਂਚ ਨੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਵੱਲੋਂ ਦਾਖ਼ਲ ਕੀਤੇ ਗਏ ਹਲਫ਼ਨਾਮੇ ਦਾ ਹਵਾਲਾ ਦਿੱਤਾ ਜਿਸ ’ਚ ਕਿਹਾ ਗਿਆ ਕਿ ਲੌਕਡਾਊਨ ਦੇ ਸਮੇਂ ਦੌਰਾਨ ਹਵਾਈ ਸਫ਼ਰ ਲਈ ਬੁੱਕ ਕੀਤੀਆਂ ਗਈਆਂ ਟਿਕਟਾਂ ਦਾ ਪੈਸਾ ਮੋੜਿਆ ਜਾਵੇਗਾ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਜੇਕਰ ਲੌਕਡਾਊਨ ਤੋਂ ਪਹਿਲਾਂ 15 ਮਾਰਚ ਨੂੰ ਵੀ ਟਿਕਟ ਬੁੱਕ ਕੀਤੀ ਗਈ ਹੈ ਤਾਂ ਉਸ ਦਾ ਪੂਰਾ ਪੈਸਾ ਮੋੜਿਆ ਜਾਵੇਗਾ। ਉਂਜ ਸ੍ਰੀ ਮਹਿਤਾ ਨੇ ਕਿਹਾ ਕਿ ਉਹ ਇਸ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਹੋਰ ਹਲਫ਼ਨਾਮਾ ਦਾਖ਼ਲ ਕਰਨਗੇ। ਸੁਪਰੀਮ ਕੋਰਟ ਵੱਲੋਂ ਕੇਸ ਦੀ ਹੁਣ 23 ਸਤੰਬਰ ਨੂੰ ਸੁਣਵਾਈ ਕੀਤੀ ਜਾਵੇਗੀ। -ਪੀਟੀਆਈ