ਰਵੇਲ ਸਿੰਘ ਭਿੰਡਰ
ਪਟਿਆਲਾ, 9 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ 37ਵੇਂ ਦਿਨ ਵੀ ਰੋਸ ਧਰਨਾ ਜਾਰੀ ਰਿਹਾ। ਇਸ ਰੋਸ ਪ੍ਰੋਗਰਾਮ ’ਚ ਅਧਿਆਪਕ, ਕਰਮਚਾਰੀ ਤੇ ਪੈਨਸ਼ਨਰਜ਼ ਸ਼ਮੂਲੀਅਤ ਕਰ ਰਹੇ ਹਨ।ਤਨਖਾਹਾਂ, ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ ਤੇ ਯੂਨੀਵਰਸਿਟੀ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਇਸ ਸੰਘਰਸ਼ ਜਰੀਏ ਜਦੋਜਹਿਦ ਕੀਤੀ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਹੋਰ ਮੰਗਾਂ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਗ੍ਰਾਂਟ ਮੁਹੱਈਆ ਕਰਵਾਉਣਾ ਤੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਨੂੰ ਕਾਇਮ ਰੱਖਣਾ ਸੰਘਰਸ਼ ਦਾ ਅਹਿਮ ਨਿਸ਼ਾਨਾ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਯੂਨੀਵਰਸਿਟੀ ਪ੍ਰਾਸ਼ਸ਼ਨ ਦੀ ਅੱਜ ਤਿੱਖੀ ਆਲੋਚਨਾ ਕਰਦਿਆਂ ਰੋਸ ਜਾਹਿਰ ਕੀਤਾ ਕਿ ਪਿਛਲੇ ਮਹੀਨੇ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਹਾਲੇ ਤੱਕ ਜਾਰੀ ਨਹੀਂ ਕੀਤੀਆਂ ਗਈਆਂ। ਆਗੂਆਂ ਨੇ ਯੂਨੀਵਰਸਿਟੀ ਦੀ ਵਿੱਤੀ ਹਾਲਤ ਲਈ ਪੰਜ ਸੌ ਕਰੋੜ ਦੀ ਤੁਰੰਤ ਮਾਲੀ ਮੱਦਦ ਜੁਟਾਉਣ ’ਤੇ ਜ਼ੋਰ ਦਿੰਦਿਆਂ ਆਖਿਆ ਕਿ ਰਾਜ ਸਰਕਾਰ ਦੀ ਮੱਦਦ ਬਗੈਰ ਯੂਨੀਵਰਸਿਟੀ ਦੀ ਮੁੜ ਪੈਰਾਂ ਸਿਰ ਹੋਣਾ ਔਖਾ ਹੈ। ਆਗੂਆਂ ਨੇ ਦੱਸਿਆ ਕਿ ਸਾਰੇ ਮੁੱਦਿਆਂ ਨੂੰ ਲੈ ਕੇ ਚਾਂਸਲਰ ਜੋ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ, ਮੁੱਖ ਮੰਤਰੀ, ਪੰਜਾਬ ਤੇ ਵਿੱਤ ਮੰਤਰੀ ਨੂੰ ਵੀ ਮੈਮੋਰੰਡਮ ਭੇਜਿਆ ਤੇ ਅਪੀਲ ਕੀਤੀ ਕਿ ਯੂਨੀਵਰਸਿਟੀ ਦੀਆਂ ਵਿੱਤੀ ਤੇ ਖੁਦਮੁਖਤਿਆਰੀ ਪੱਧਰ ਦੀਆਂ ਮੁਸ਼ਕਲਾਂ ਦਾ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਭਵਿੱਖ ’ਚ ਯੂਨੀਵਰਸਿਟੀ ਦੀ ਹਾਲਤ ਬੱਦਤਰ ਹੁੰਦੀ ਜਾਵੇਗੀ। ਜੁਆਇੰਟ ਐਕਸ਼ਨ ਕਮੇਟੀ ਨੇ ਫੈਸਲਾ ਲਿਆ ਕਿ ਸੰਘਰਸ਼ ਆਉਣ ਵਾਲੇ ਦਿਨਾਂ ’ਚ ਜਾਰੀ ਰਹੇਗਾ।