ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਸਤੰਬਰ
ਪਾਬੰਦੀਸੁ਼ਦਾ ਵੱਖਵਾਦੀ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਹੁਣ ਕਿਸਾਨਾਂ ਨੂੰ ਲੁਭਾਉਣ ਦੀ ਮੁਹਿੰਮ ਚਲਾ ਦਿੱਤੀ ਹੈ ਤੇ ਕਿਸਾਨ ਖੁਦਕੁਸ਼ੀਆਂ ਨੂੰ ਕੌਮਾਂਤਰੀ ਮੁੱਦਾ ਬਣਾਉਣ ਲਈ 13 ਸਤੰਬਰ ਨੂੰ ਰੇਲਾਂ ਰੋਕਣ ਦਾ ਸੱਦਾ ਦਿੱਤਾ ਹੈ। ਐੱਸਐੱਫਜੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੀ ਲਾਈਵ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਨ੍ਹਾਂ ਕਿਸਾਨ ਖ਼ੁਦਕੁਸ਼ੀਆਂ ਨੂੰ ਕੌਮਾਂਤਰੀ ਮੁੱਦਾ ਬਣਾਉਣ ਲਈ 13 ਸਤੰਬਰ ਨੂੰ ਪੰਜਾਬ ’ਚ ਰੇਲਾਂ ਰੋਕਣ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਹੈ। ਬਠਿੰਡਾ ਦੇ ਕਿਸਾਨਾਂ ਨੂੰ ਕਿਹਾ ਇਸ ਦਿਨ ਬਠਿੰਡਾ ਤੋਂ ਕਿਸਾਨ ਐਕਸਪ੍ਰੈਸ ਨਹੀਂ ਚੱਲਣੀ ਚਾਹੀਦੀ। ਉਨ੍ਹਾਂ ਅਮ੍ਰਿੰਤਸਰ ਤੋਂ ਸ਼ਤਾਬਦੀ, ਸ਼ਾਨੇ ਪੰਜਾਬ ਨੂੰ ਵੀ ਨਾ ਚੱਲਣ ਦਾ ਹੋਕਾ ਦਿੰਦਿਆਂ ਕਿਹਾ ਹੈ ਕਿ ਜਿਨ੍ਹਾਂ ਕਿਸਾਨਾਂ ਸਿਰ ਖੇਤੀ ਕਰਜ਼ਾ ਹੈ ਅਤੇ ਕਿਸ਼ਤਾਂ ਨਹੀਂ ਮੋੜ ਸਕੇ, ਉਨ੍ਹਾਂ ਵਿੱਚੋਂ ਜੋ ਕਰਜ਼ਾ ਵਾਪਸ ਕਰਨ ਦੇ ਕਾਬਲ ਨਹੀਂ ਅਤੇ 5 ਏਕੜ ਜ਼ਮੀਨ ਤੋਂ ਘੱਟ ਦੇ ਮਾਲਕ ਹਨ ਨੂੰ ਐੱਸਐੱਫਜੇ 3 ਹਜ਼ਾਰ ਡਾਲਰ ਦੇਵੇਗੀ। ਹੱਕਦਾਰ ਕਿਸਾਨਾਂ ਨੂੰ ਫ਼ਾਰਮ ਮੰਗਵਾਉਣ ਲਈ ਲਈ ਵੱਟਸਐੱਪ ਫੋਨ ਨੰਬਰ ਵੀ ਜਾਰੀ ਕੀਤੇ ਗਏ ਹਨ। ਪੁਲੀਸ ਅਧਿਕਾਰੀ ਆਖ ਰਹੇ ਹਨ ਕਿ ਪੰਨੂ ਸੂਬੇ ’ਚ ਅਤਿਵਾਦ ਸੁਰਜੀਤ ਕਰਨ ਲਈ ਨੌਜਵਾਨਾਂ ਤੇ ਕਿਸਾਨਾਂ ਨੂੰ ਕੁਰਾਹੇ ਪਾ ਰਿਹਾ ਹੈ।