ਸ੍ਰੀਨਗਰ, 10 ਸਤੰਬਰ
ਜੰਮੂ ਕਸ਼ਮੀਰ ’ਚ ਪਾਕਿਸਤਾਨੀ ਜਾਸੂਸੀ ਏਜੰਸੀ ਆਈਐੱਸਆਈ ਵੱਲੋਂ ਡਰੋਨਾਂ ਦੀ ਵਰਤੋਂ ਕੀਤੇ ਜਾਣ ਮਗਰੋਂ ਕੰਟਰੋਲ ਰੇਖਾ (ਐੱਲਓਸੀ) ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਫ਼ੌਜ ਦਾ ਮੰਨਣਾ ਹੈ ਕਿ ਵਾਦੀ ’ਚ ਅਤਿਵਾਦੀਆਂ ਤੱਕ ਹਥਿਆਰ ਪਹੁੰਚਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਸ਼ਮੀਰ ’ਚ 15 ਕੋਰ ਦੇ ਜੀਓਸੀ ਲੈਫ਼ਟੀਨੈਂਟ ਜਨਰਲ ਬੀ ਐੱਸ ਰਾਜੂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪੀਰ ਪੰਜਾਲ ’ਚ ਘਟਨਾ ਮਗਰੋਂ ਕੰਟਰੋਲ ਰੇਖਾ ’ਤੇ ਕੋਈ ਵੀ ਉੱਡਣ ਵਾਲੇ ਯੰਤਰ ’ਤੇ ਰੋਕ ਲਈ ਫ਼ੌਜ ਨੂੰ ਅਲਰਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਸ਼ਮੀਰ ਵਾਦੀ ’ਚ ਫਸੇ ਅਤਿਵਾਦੀਆਂ ਨੂੰ ਹਥਿਆਰਾਂ ਅਤੇ ਗੋਲੀ-ਸਿੱਕੇ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਕੁਝ ਸਹਾਇਤਾ ਲਈ ਸਰਹੱਦ ਪਾਰ ਦੇਖ ਰਹੇ ਹਨ। -ਪੀਟੀਆਈ