ਆਤਿਸ਼ ਗੁਪਤਾ
ਚੰਡੀਗੜ੍ਹ, 23 ਜਨਵਰੀ
ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਪੇਂਡੂ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਹੈ। ਇਹ ਮਾਰਚ ਧਨਾਸ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਵਿੱਚੋਂ ਨਿਕਲਿਆ। ਟਰੈਕਟਰ ਮਾਰਚ ਵਿੱਚ ਸ਼ਾਮਲ ਲੋਕਾਂ ਨੇ ਤਿੰਨੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ।
ਜਲੰਧਰ(ਪਾਲ ਸਿੰਘ ਨੌਲੀ): ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਤੇ 26 ਜਨਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਵਿਚ ਕੀਤੀ ਜਾ ਰਹੀ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਦਿੱਲੀ ਵੱਲ ਵੱਡੀ ਗਿਣਤੀ ਵਿੱਚ ਵਹੀਰਾ ਘੱਤ ਦਿੱਤੀਆਂ ਹਨ। ਨਕੋਦਰ ਇਲਾਕੇ ਦੇ ਕਿਸਾਨਾਂ ਦਾ ਵੱਡਾ ਕਾਫਲਾ ਪ੍ਰਤਾਪਪੁਰਾ ਦਾਣਾ ਮੰਡੀ ਤੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਅਤੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦਾ ਰਵਾਨਾ ਹੋਇਆ। ਕਿਸਾਨਾਂ ਦਾ ਇਹ ਕਾਫਲਾ ਸਿਵਲ ਲਾਈਨ ਰੋਡ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸ ਰਾਜ ਹੰਸ ਦੀ ਰਿਹਾਇਸ਼ ਦੇ ਬਾਹਰ ਪੁੱਜਾ ਅਤੇ ਹੰਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਅੱਗੇ ਵੱਲ ਰਵਾਨਾ ਹੋਇਆ। ਡਿਪਟੀ ਕਮਿਸ਼ਨਰ ਦਫਤਰ ਵਾਲੀ ਰੋਡ ਤੋਂ ਹੁੰਦਾ ਹੋਇਆ ਬੀਐੱਸਐੱਫ ਚੌਕ ਤੋਂ ਹਾਈਵੇਅ ’ਤੇ ਚੜ੍ਹ ਗਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਥੇਦਾਰ ਕਸ਼ਮੀਰ ਸਿੰਘ, ਰੁੜਕਾ ਕਲਾਂ ਬਲਾਕ ਦੇ ਪ੍ਰਧਾਨ ਪਰਗਟ ਸਿੰਘ ਸਰਹਾਲੀ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਅਮਰਜੋਤ ਸਿੰਘ ਦੀ ਅਗਵਾਈ ਹੇਠ ਜੰਡਿਆਲਾ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ ਤੇ ਮਜ਼ਦੂਰਾਂ ਨੇ ਦਿੱਲੀ ਲਈ ਚਾਲੇ ਪਾ ਦਿੱਤੇ। ਕਿਸਾਨਾਂ ਦਾ ਕਾਫਲਾ 12 ਵਜੇ ਦੇ ਕਰੀਬ ਜਮਸ਼ੇਰ ਤੋਂ ਜੈਕਾਰਿਆਂ ਤੇ ਕਿਸਾਨੀ ਬਚਾਓ ਦੇ ਨਾਅਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ।
ਸਿਰਸਾ(ਪ੍ਰਭੂ ਦਿਆਲ): ਸਿਰਸਾ ਤੋਂ ਸੈਂਕੜਿਆਂ ਦੀ ਗਿਣਤੀ ’ਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਲਈ ਰਵਾਨਾ ਹੋਏ ਹਨ। ਕਿਸਾਨਾਂ ਦੇ ਨਾਲ ਕਿਸਾਨ ਮਹਿਲਾਵਾਂ ਵੀ ਦਿੱਲੀ ਲਈ ਰਵਾਨਾ ਹੋਈਆਂ ਹਨ। ਦਿੱਲੀ ਜਾਣ ਵਾਲੇ ਕਿਸਾਨਾਂ ਲਈ ਨੈਸ਼ਨਲ ਹਾਈ ਵੇਅ ਨੌਂ ’ਤੇ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਲਈ ਲੰਗਰ ਤੇ ਚਾਹ ਪਾਣੀ ਦੀ ਵਿਵਸਥਾ ਪਿੰਡਾਂ ਦੇ ਲੋਕਾਂ ਵੱਲੋਂ ਕੀਤੀ ਗਈ ਹੈ। ਸਿਰਸਾ ਦੇ ਵੱਖ-ਵੱਖ ਪਿੰਡਾਂ ਤੋਂ ਅੱਜ ਸੈਂਕੜਿਆਂ ਦੀ ਗਿਣਤੀ ’ਚ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਨਾਲ ਦਿੱਲੀ ਲਈ ਰਵਾਨਾ ਹੋਏ ਹਨ। ਦਿੱਲੀ ਜਾਣ ਵਾਲੇ ਕਿਸਾਨ ਆਪਣੇ ਨਾਲ ਰਸ਼ਦ ਤੇ ਹੋਰ ਸਾਮਾਨ ਲੈ ਕੇ ਗਏ ਹਨ। ਨੈਸ਼ਨਲ ਹਾਈ ਵੇਅ ਨੌਂ ’ਤੇ ਦਿੱਲੀ ਵੱਲ ਜਾਣ ਵਾਲੇ ਟਰੈਕਟਰਾਂ ਦੇ ਕਾਫਲਿਆਂ ਦੀ ਲੈਣ ਟੁੱਟਣ ਦਾ ਨਾਂ ਨਹੀਂ ਲੈ ਰਹੀ।