ਜੋਗਿੰਦਰ ਸਿੰਘ ਮਾਨ
ਮਾਨਸਾ, 24 ਜਨਵਰੀ
ਮਾਨਸਾ ਤੋਂ ਨੇੜਲੇ ਪਿੰਡ ਖਿਆਲਾ ਵਿੱਚੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਵਿੱਚ ਅੱਜ 26 ਜਨਵਰੀ ਦੀ ਪਰੇਡ ਵਿੱਚ ਆਪਣਾ ਯੋਗਦਾਨ ਪਾਉਣ ਲਈ ਦਿੱਲੀ ਵੱਲ ਰਵਾਨਾ ਹੋ ਗਏ ਹਨ। ਜਥੇਬੰਦੀ ਦੇ ਆਗੂ ਬਲਵਿੰਦਰ ਸਰਮਾ, ਸਿਕੰਦਰ ਸਿੰਘ ਖਾਲਸਾ, ਸੇਵਕ ਸਿੰਘ, ਵਰਿਆਮ ਸਿੰਘ, ਪਰਗਟ ਸਿੰਘ ਨੇ ਦੱਸਿਆ ਕਿ ਖਾਣ ਪੀਣ ਦਾ ਰਾਸ਼ਨ ਪਿੰਡ ਵਿੱਚੋਂ ਇਕੱਠਾ ਕਰਕੇ ਨੋਜਵਾਨਾਂ ਵੱਲੋਂ ਰਾਜਧਾਨੀ ਵੱਲੋ ਕੂਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਭ ਤੋਂ ਖਾਸ ਗੱਲ ਵੇਖਣ ਨੂੰ ਇਹ ਮਿਲੀ ਕਿ ਇਥੋਂ ਦੇ ਨੌਜਵਾਨਾਂ ਨੇ ਹਰ ਕੰਮ ਦੀ ਜ਼ਿੰਮੇਵਾਰੀ ਮੂਹਰੇ ਲੱਗ ਕੇ ਆਪ ਨਿਭਾਈ, ਉਨ੍ਹਾਂ ਕਿਹਾ ਕਿ ਰਾਜਸੀ ਧਿਰਾਂ ਵੱਲੋਂ ਭਾਵੇਂ ਨੋਜਵਾਨਾਂ ਨੂੰ ਨਛੇੜੀ ਕਹਿਕੇ ਬਦਨਾਮ ਕਰਦਿਆਂ ਹਨ, ਪਰ ਪੰਜਾਬ ਦੇ ਨੌਜਵਾਨਾਂ ਨੇ ਦਿੱਲੀ ਵਿੱਚ ਸੰਜਮ ਵਰਤ ਕੇ ਇਕਮੁੱਠਤਾ ਅਤੇ ਭਾਈਚਾਰੇ ਦਾ ਵੱਡਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਲੋਕ ਕੋਈ ਵੀ ਸਾਂਝਾ ਕੰਮ ਹੋਵੇ ਬਿਨਾਂ ਸਿਆਸਤ ਇਕੱਠੇ ਹੋ ਕੇ ਕਰਦੇ ਹਨ ਅਤੇ ਇਸ ਸਘੰਰਸ਼ ਵਿੱਚ ਮਾਤਾਵਾਂ ਭੈਣਾਂ ਦਾ ਵੱਡਾ ਯੋਗਦਾਨ ਹੈ। ਕਿਸਾਨ ਆਗੂਆ ਨੇ ਦੱਸਿਆ ਕਿ ਇਹ ਸੰਘਰਸ਼ ਪੂਰੀ ਤਰ੍ਹਾਂ ਸ਼ਾਂਤ ਮਈ ਢੰਗ ਨਾਲ ਚੱਲੇਗਾ। ਸਰਕਾਰੀ ਗੈਰ ਸਰਕਾਰੀ ਸ਼ਰਾਰਤ ਕਰਨ ਵਾਲਿਆਂ ਤੋਂ ਬਚ ਕੇ ਚੱਲਿਆ ਜਾਵੇਗਾ।
ਜਲਾਲਾਬਾਦ(ਚੰਦਰ ਪ੍ਰਕਾਸ਼ ਕਾਲੜਾ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ’ਤੇ ਦਿੱਲੀ ’ਚ 26 ਜਨਵਰੀ ਨੂੰ ਹੋਣ ਜਾ ਰਹੀ ਕਿਸਾਨ ਟਰੈਕਟਰ ਪਰੇਡ ’ਚ ਪਿੰਡ ਚੱਕ ਲਮੋਚੜ (ਮੁਰਕ ਵਾਲਾ) ਤੋਂ ਕਿਸਾਨਾਂ ਦਾ ਤੀਜਾ ਜਥਾ ਰਵਾਨਾ ਰਵਾਨਾ ਹੋਇਆ। ਰਵਾਨਾ ਹੋਣ ਵਾਲੇ ਜਥੇ ’ਚ ਗੁਰਪ੍ਰੀਤ ਸਿੰਘ, ਬਲਕਾਰ ਸਿੰਘ, ਗੁਰਭੇਜ ਸਿੰਘ, ਹਰਪ੍ਰੀਤ ਸਿੰਘ, ਦਲਬੀਰ ਸਿੰਘ, ਕ੍ਰਿਪਾਲ ਸਿੰਘ, ਨੀਟੂ, ਸ਼ਾਮਾ ਸਰਪੰਚ, ਗੁਰਪਾਲਜੀਤ ਸਿੰਘ, ਬਲਵਿੰਦਰ ਸਿੰਘ, ਗ੍ਰੰਥੀ ਰਾਜ ਸਿੰਘ, ਜੋਗਿੰਦਰ ਸਿੰਘ, ਮਲਕੀਤ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ ਸ਼ਾਮਿਲ ਸਨ।
ਤਪਾ ਮੰਡੀ (ਸੀ. ਮਾਰਕੰਡਾ): ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ ਜਾ ਰਹੀ ਹੈ, ਜਿਸ ਸਬੰਧੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦਿੱਲੀ ਟਰੈਕਟਰ ਮਾਰਚ ’ਚ ਸ਼ਾਮਿਲ ਹੋਣ ਦੇ ਮੰਤਵ ਨਾਲ ਤਪਾ ਤੋਂ ਵੱਡੀ ਗਿਣਤੀ ’ਚ ਕਿਸਾਨ ਟਰੈਕਟਰ ਲੈ ਕੇ ਦਿੱਲੀ ਵੱਲ ਰਵਾਨਾ ਹੋਏ। ਇਸ ਸਮੇਂ ਕਿਸਾਨ ਆਗੂ ਜਸਵੀਰ ਸਿੰਘ ਜੱਸੀ ਪੰਧੇਰ, ਜਗਤਾਰ ਸਿੰਘ ਬਾਸੀ, ਬਲਜੀਤ ਸਿੰਘ ਬਾਸੀ, ਰਾਜ ਸਿੰਘ, ਗੁਲਾਬ ਸਿੰਘ ਕਾਲਾ, ਧੰਨਾ ਸਿੰਘ, ਮੇਲਾ ਢੱਡਵਾਲ, ਰਾਜਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਸਿੰਘ ਸੇਖੋਂ ਤੋਂ ਇਲਾਵਾ ਕਿਸਾਨ ਆਗੂ ਹਾਜ਼ਰ ਸਨ। ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਕੇਂਦਰ ਸਰਕਾਰ ਵੱਲੋਂ ਪਾਸੇ ਕੀਤੇ ਗਏ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਨੂੰ ਪੰਜਾਬ ਤੇ ਹਰਿਆਣਾ ਸਮੇਤ ਸਾਰੇ ਭਾਰਤ ਅਤੇ ਵਿਦੇਸ਼ਾਂ ਵਿੱਚੋਂ ਵੀ ਭਾਰੀ ਸਹਿਯੋਗ ਮਿਲ ਰਿਹਾ ਹੈ। ਇਸ ਅੰਦੋਲਨ ਵਿੱਚ ਹਲਕਾ ਕਾਲਾਂਵਾਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਦੀ ਅਗਵਾਈ ਵਿੱਚ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਿਲ ਹੋਣ ਲਈ ਕਿਸਾਨਾਂ ਦਾ ਇੱਕ ਜਥਾ ਗੁਰਦੁਆਰਾ ਸ੍ਰੀ ਨਿਰਮਲਸਰ ਸਾਹਿਬ ਤਿਲੋਕੇਵਾਲਾ ਤੋਂ ਦਿੱਲੀ ਲਈ ਰਵਾਨਾ ਹੋਇਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਿਲੋਕੇਵਾਲਾ ਤੋਂ ਕਿਸਾਨ ਅੰਦੋਲਨ ਵਿੱਚ ਪੰਜ ਜਥੇ ਜਾ ਚੁੱਕੇ ਹਨ। ਇਸ ਜਥੇ ਵਿੱਚ ਮੁੱਖ ਤੌਰ ਉੱਤੇ ਸੁਖਪਾਲ ਸਿੰਘ ਲੱਕੜਵਾਲੀ, ਬੱਗੜ ਸਿੰਘ, ਜਸਵੀਰ ਸਿੰਘ, ਮਨੋਜ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਲੋਕ ਸ਼ਾਮਿਲ ਸਨ।
ਕਾਜੂ, ਬਦਾਅ, ਦਾਖਾਂ ਅਤੇ ਪਾਣੀ ਲੈ ਕੇ ਜਥਾ ਰਵਾਨਾ
ਸ਼ਹਿਣਾ(ਪ੍ਰਮੋਦ ਕੁਮਾਰ ਸਿੰਗਲਾ): ਕਸਬੇ ਸ਼ਹਿਣਾ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਸਾਨ ਜਥੇਬੰਦੀਆਂ, ਕਲੱਬ, ਕਮੇਟੀਆਂ, ਨਗਰ ਨਿਵਾਸੀਆਂ ਅਤੇ ਪੰਚਾਇਤ ਵੱਲੋਂ ਸਾਂਝੇ ਤੌਰ ‘ਤੇ ਕਿਸਾਨੀ ਸੰਘਰਸ਼ ’ਚ ਭਾਗ ਲੈਣ ਲਈ ਕਾਫ਼ਲਾ ਰਵਾਨਾ ਹੋਇਆ। ਕਾਫਲੇ ਦੀ ਅਗਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਚਾਇਤ ਵੱਲੋਂ ਕੀਤੀ ਗਈ। ਜਾਣਕਾਰੀ ਦਿੰਦਿਆਂ ਪ੍ਰਧਾਨ ਜੋਗਿੰਦਰ ਸਿੰਘ ਹਰਗੋਬਿੰਦ ਕੋਚ ਬਾਡੀ ਬਿਲਡਰਜ ਅਤੇ ਸਰਪੰਚ ਮਲਕੀਤ ਕੌਰ ਨੇ ਦੱਸਿਆ ਕਿ ਕਾਫਲੇ ਵਿੱਚ ਕਿਸਾਨਾਂ ਵਾਸਤੇ ਸਮੁੱਚੇ ਪ੍ਰਬੰਧ, ਪਾਣੀ ਬੋਤਲਾਂ ਦੀਆਂ 300 ਪੇਟੀ ਅਤੇ ਦੋ ਕੁਇੰਟਲ ਸੁੱਕੇ ਮੇਵੇ (ਬਦਾਮ, ਕਾਜੂ, ਕਿਸ਼ਮਿਸ਼ ਅਤੇ ਪੁੱਜੇ ਛੋਲੇ ਆਦਿ) ਰਾਸ਼ਨ ਨਾਲ ਲੈਕੇ ਗਿਆ ਹੈ। ਉਨਾਂ ਦੱਸਿਆ ਕਿ ਟਿਕਰੀ ਬਾਰਡਰ ’ਤੇ ਸੰਘਰਸ਼ ’ਚ ਬੈਠੇ ਪਿੰਡ ਦੀਆਂ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਅਤੇ ਕਿਸਾਨਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤੇ ਜਾਣਗੇ। ਇਸ ਮੌਕੇ ਸੁਖਵਿੰਦਰ ਸਿੰਘ ਕਲਕੱਤਾ, ਨਿਰਮਲ ਸਿੰਘ, ਨਗਿੰਦਰ ਸਿੰਘ, ਗੁਰਜੀਤ ਸਿੰਘ ਖੰਗੂੜਾ, ਸਰਭੂ ਸ਼ਹਿਣਾ, ਜਤਿੰਦਰ ਸਿੰਘ ਪੰਚ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਜੋਧਪੁਰ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ 12ਵਾਂ ਕਾਫਲਾ ਦਿੱਲੀ ਬਾਰਡਰ ਵਿਖੇ ਚਲ ਰਹੇ ਕਿਸਾਨੀ ਸੰਘਰਸ਼ ’ਚ ਭਾਗ ਲੈਣ ਲਈ ਰਵਾਨਾ ਹੋਇਆ। ਬਲਾਕ ਆਗੂ ਊਧਮ ਸਿੰਘ ਅਤੇ ਅਜਮੇਰ ਸਿੰਘ ਨੇ ਦੱਸਿਆ ਕਿ ਜਿੰਨਾਂ ਸਮਾਂ ਇਹ ਕਾਲੇ ਕਾਨੂੰਨ ਵਾਪਸ ਨਹੀ ਹੁੰਦੇ ਉਨਾਂ ਸਮਾਂ ਸੰਘਰਸ਼ ਜਾਰੀ ਰਹੇਗਾ। ਕਸਬੇ ਸ਼ਹਿਣਾ ਤੋਂ ਇੱਕ ਕਾਫਲਾ ਭਾਕਿਯੂ ਉਗਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਰਵਾਨਾ ਹੋਇਆ।