ਦਵਿੰਦਰ ਪਾਲ
ਚੰਡੀਗੜ੍ਹ, 25 ਜਨਵਰੀ
ਪੰਜਾਬ ਅੰਦਰ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਪਿਛਲੇ ਪੌਣੇ ਚਾਰ ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ 32 ਕਿਸਾਨ ਜਥੇਬੰਦੀਆਂ ਨੇ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਈ ਸਮੁੱਚੀ ਸ਼ਕਤੀ ਝੋਕ ਦਿੱਤੀ ਹੈ। ਕਿਸਾਨ ਜਥੇਬੰਦੀਆਂ ਨੇ ਸੂਬੇ ਵਿੱਚ ਪਹਿਲੀ ਅਕਤੂਬਰ ਤੋਂ ਚੱਲ ਰਹੇ ਧਰਨਿਆਂ ਦੀ ਵਾਂਗਡੋਰ ‘ਮਹਿਲਾ ਬ੍ਰਿਗੇਡ’ ਹਵਾਲੇ ਕਰ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਮਹਿਲਾਵਾਂ ਨੇ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਅਤੇ ਰੋਸ ਮੁਜ਼ਾਹਰਿਆਂ ਦੀ ਕਮਾਨ ਸੰਭਾਲਣ ਦਾ ਐਲਾਨ ਕੀਤਾ ਹੈ।
ਕਿਸਾਨ ਜਥੇਬੰਦੀਆਂ ਦੇ ਮਹਿਲਾ ਵਿੰਗ ਨੇ ਮੀਟਿੰਗਾਂ ਕਰਕੇ ਫ਼ੈਸਲਾ ਲਿਆ ਕਿ ਵੱਡੀ ਗਿਣਤੀ ’ਚ ਕਿਸਾਨ ਯੂਨੀਅਨਾਂ ਨਾਲ ਸਬੰਧਤ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਦਿੱਲੀ ਮੋਰਚੇ ਵਿੱਚ ਹਿੱਸਾ ਲੈਣ ਮਗਰੋਂ ਪੰਜਾਬ ਵਿੱਚ ਚੱਲ ਰਹੇ ਧਰਨਿਆਂ ’ਤੇ ਸੰਘਰਸ਼ੀ ਜੋਸ਼ ਕਿਸੇ ਵੀ ਤਰ੍ਹਾਂ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ। ਮਹਿਲਾਵਾਂ ਨੇ ਮੀਟਿੰਗਾਂ ਦੌਰਾਨ ਫ਼ੈਸਲਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਆਗੂਆਂ ਟੌਲ ਪਲਾਜ਼ਿਆਂ ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਧਰਨਿਆਂ ਦੌਰਾਨ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਅੱਜ ਕੌਮੀ ਅਤੇ ਰਾਜ ਮਾਰਗਾਂ ’ਤੇ ਪੈਂਦੇ ਟੌਲ ਪਲਾਜ਼ਿਆਂ ’ਤੇ ਕਿਸਾਨਾਂ ਦਾ ਰੋਹ ਪਹਿਲਾਂ ਦੀ ਤਰ੍ਹਾਂ ਬਰਕਰਾਰ ਦੇਖਿਆ ਗਿਆ। ਪੰਜਾਬ ਦੀਆਂ ਸੜਕਾਂ ’ਤੇ ਅੱਜ ਵੀ ਕੌਮੀ ਰਾਜਧਾਨੀ ਨੂੰ ਕੂਚ ਕਰਨ ਵਾਲੇ ਟਰੈਕਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ 20 ਜਨਵਰੀ ਤੋਂ ਲੈ ਕੇ ਹੁਣ ਤਕ ਪੰਜਾਬ ਤੋਂ ਇੱਕ ਲੱਖ ਤੋਂ ਵੱਧ ਟਰੈਕਟਰ ਕੌਮੀ ਰਾਜਧਾਨੀ ਨੂੰ ਕੂਚ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਅਜਿਹਾ ਕੋਈ ਵੀ ਪਿੰਡ ਨਹੀਂ ਬਚਿਆ, ਜਿੱਥੋਂ ਟਰੈਕਟਰਾਂ ਤੇ ਟਰਾਲੀਆਂ ਸਮੇਤ ਕਿਸਾਨਾਂ ਨੇ ਦਿੱਲੀ ਵੱਲ ਵਹੀਰਾਂ ਨਾ ਘੱਤੀਆਂ ਹੋਣ। ਕਿਸਾਨ ਆਗੂਆਂ ਦਾ ਦੱਸਣਾ ਹੈ ਕਿ ਵੱਡੇ ਪਿੰਡਾਂ ਤੋਂ 10 ਤੋਂ 15 ਟਰੈਕਟਰ ਤੱਕ ਵੀ ਪ੍ਰਤੀ ਪਿੰਡ ਕੌਮੀ ਰਾਜਧਾਨੀ ਵੱਲ ਗਏ ਹਨ।
ਕਿਸਾਨ ਆਗੂਆਂ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਜਗਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸੰਘਰਸ਼ੀ ਮੋਰਚਿਆਂ ’ਚ ਡਟੇ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਉਦੋਂ ਤਕ ਦਿੱਲੀ ਮੋਰਚੇ ਪੰਜਾਬ ਤੇ ਹੋਰਨਾਂ ਸੂਬਿਆਂ ਦੇ ਕਿਸਾਨ ਸਿਦਕ ਤੋਂ ਨਹੀਂ ਡੋਲਣਗੇ। ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਅਣਮਿਥੇ ਸਮੇਂ ਦੇ ਦਿਨ-ਰਾਤ ਦੇ ਧਰਨਿਆਂ ਦੌਰਾਨ ਅੱਜ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਮੋਦੀ ਸਰਕਾਰ ਦੀ ਹੈਂਕੜ ਭੰਨਣ ਲਈ ਸੰਘਰਸ਼ ਨੂੰ ਤੇਜ਼ ਕਰਕੇ ਭਾਜਪਾ ਦੇ ਕਾਰੋਬਾਰੀਆਂ ਤਕ ਸੇਕ ਪਹੁੰਚਦਾ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਨਿਰਾ ਭਰਮ ਹੈ ਕਿ ਦਿੱਲੀ ਮੋਰਚੇ ਵਿੱਚ ਡਟੇ ਕਿਸਾਨ ਅੱਕ ਤੇ ਥੱਕ ਜਾਣਗੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜੋਟੀਦਾਰਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਹੁਣ ਕਿਸਾਨ ਜਾਗ ਪਿਆ ਹੈ। ਪੰਜਾਬ ਤੋਂ ਉੱਠੀ ਕਿਸਾਨੀ ਲਹਿਰ ਦੇਸ਼ ਵਿਆਪੀ ਰੂਪ ਧਾਰਨ ਕਰਦੀ ਜਾ ਰਹੀ ਹੈ।
ਕਿਸਾਨ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਭਾਜਪਾਈ ਪੂੰਜੀਪਤੀਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਦੇ ਸੰਘਰਸ਼ ਨੂੰ ਨਕਸਲੀ, ਮਾਓਵਾਦੀ, ਖਾਲਿਸਤਾਨੀ ਦੱਸ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਚਾਲ ਚੱਲ ਰਹੀ ਹੈ, ਜਦਕਿ ਖੇਤੀ ਵਿਰੋਧੀ ਕਾਨੂੰਨ ’ਚ ਨਿਰੋਲ ਕਿਸਾਨੀ ਹੋਣ ਕਰਕੇ ਪੂਰੇ ਭਾਰਤ ਦੇ ਕਿਸਾਨ ਸ਼ਾਮਲ ਹਨ।