ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਜਨਵਰੀ
ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੀਤੀ ਜਾ ਰਹੀ ਕਿਸਾਨ ਗਣਤੰਤਰ ਪਰੇਡ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਲੋਕਾਂ ਨੇ ਟਰੈਕਟਰਾਂ ਸਮੇਤ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ ਹਨ ਜਿਸ ਕਰ ਕੇ ਦਿੱਲੀ ਨੂੰ ਜਾਂਦੀਆਂ ਮੁੱਖ ਸੜਕਾਂ ’ਤੇ ਜਾਮ ਲੱਗ ਗਏ ਹਨ। ਗੁਆਂਢੀ ਰਾਜਾਂ ਵੱਲੋਂ ਦਿੱਲੀ ਨੂੰ ਜਾਂਦੇ ਇਨ੍ਹਾਂ ਰਸਤਿਆਂ ’ਤੇ ਦੂਜੀਆਂ ਗੱਡੀਆਂ ਦੇ ਦਾਖ਼ਲਾ ਰੋਕੇ ਜਾਣ ਕਰ ਕੇ ਹੋਰ ਲਿੰਕ ਸੜਕਾਂ ’ਤੇ ਜਾਮ ਲੱਗ ਗਿਆ ਹੈ।
ਖ਼ਬਰ ਲਿਖੇ ਜਾਣ ਤੱਕ ਪੰਜਾਬ ਤੇ ਹਰਿਆਣਾ ਤੋਂ ਕੌਮੀ ਸ਼ਾਹਰਾਹ ਨੰਬਰ-1 ਰਾਹੀਂ ਦਿੱਲੀ ਆ ਰਹੇ ਹਜ਼ਾਰਾਂ ਟਰੈਕਟਰਾਂ ਕਾਰਨ ਪਾਣੀਪਤ ਤੱਕ ਜਾਮ ਲੱਗ ਚੁੱਕਿਆ ਸੀ ਤੇ ਰਾਤ ਤੱਕ ਇਹ ਜਾਮ ਹੋਰ ਵਧਣ ਦੀ ਸੰਭਾਵਨਾ ਹੈ। ਹਰਿਆਣਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਲਈ ਇਹ ਜਾਮ ਮੁਸ਼ਕਿਲ ਦਾ ਸਬੱਬ ਬਣਿਆ ਹੋਇਆ ਹੈ। ਦਿੱਲੀ ਪੁਲੀਸ ਨੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਤੋਂ ਕਿਸਾਨ ਗਣਤੰਤਰ ਪਰੇਡ ਕੱਢਣ ਦੀ ਆਗਿਆ ਦਿੱਤੀ ਹੋਈ ਹੈ ਪਰ ਕਿਸਾਨ ਟਰੈਕਟਰ ਦਿੱਲੀ ਦੇ ਧੁਰ ਅੰਦਰ ਨਹੀਂ ਲੈ ਕੇ ਜਾ ਸਕਣਗੇ। ਗਾਜ਼ੀਪੁਰ-ਹਾਪੁੜ ਮਾਰਗ ’ਤੇ ਸ਼ਾਮ ਤੱਕ ਹਾਪੁੜ ਵੱਲ ਸੱਤ ਕਿਲੋਮੀਟਰ ਤੱਕ ਟਰੈਕਟਰਾਂ ਦੀ ਕਤਾਰ ਲੱਗ ਚੁੱਕੀ ਸੀ। ਟਿਕਰੀ ਵੱਲ ਵੀ ਹਰਿਆਣਾ ਤੇ ਪੰਜਾਬ ਤੋਂ ਕਿਸਾਨ ਟਰੈਕਟਰਾਂ ਸਮੇਤ ਦਿੱਲੀ ਵੱਲ ਆ ਰਹੇ ਹਨ। ਟਿਕਰੀ ਤੋਂ ਸਾਂਪਲਾ ਤੱਕ ਟਰੈਕਟਰਾਂ ਦੀਆਂ ਕਤਾਰਾਂ ਲੱਗ ਚੁੱਕੀਆਂ ਸਨ ਤੇ ਲਗਾਤਾਰ ਵਧ ਰਹੀਆਂ ਸਨ।
ਕਿਸਾਨਾਂ ਨੇ ਇਕ ਟਰਾਲੀ ’ਤੇ ਦੋ-ਦੋ ਟਰੈਕਟਰ ਚੜ੍ਹਾ ਕੇ ਮੋਰਚਿਆਂ ’ਤੇ ਲਿਆਂਦੇ ਹਨ ਤਾਂ ਜੋ ਚਾਲਕ ਬਦਲ-ਬਦਲ ਕੇ ਟਿਕਾਣਿਆਂ ਤੱਕ ਪਹੁੰਚਿਆ ਜਾ ਸਕੇ। ਯੂਨੀਅਨਾਂ ਦਾ ਦਾਅਵਾ ਹੈ ਕਿ ਹਰਿਆਣਾ ਤੋਂ ਇਕ ਲੱਖ ਤੇ ਪੰਜਾਬ ਤੋਂ 80 ਹਜ਼ਾਰ ਤੋਂ ਵੱਧ ਟਰੈਕਟਰ ਇਸ ਪਰੇਡ ’ਚ ਸ਼ਾਮਲ ਹੋ ਰਹੇ ਹਨ।
ਪੁਲੀਸ ਵੱਲੋਂ ਪਰੇਡ ਵਾਲੇ ਰੂਟਾਂ ’ਤੇ ਲੋਕਾਂ ਨੂੰ ਨਾ ਜਾਣ ਦੀ ਸਲਾਹ
ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਕ ਟਰੈਕਟਰ ਤਿੰਨ-ਚਾਰ ਮੀਟਰ ਲੰਬੀ ਥਾਂ ਘੇਰਦਾ ਹੈ, ਇਸ ਕਰ ਕੇ 15 ਹਜ਼ਾਰ ਟਰੈਕਟਰਾਂ ਲਈ 50 ਕਿਲੋਮੀਟਰ ਸੜਕ ਚਾਹੀਦੀ ਹੈ। ਇਸ ਦੇ ਨਾਲ ਟਰੈਕਟਰ ਚੱਲਣ ਲਈ ਵੀ 4-5 ਫੁੱਟ ਥਾਂ ਚਾਹੀਦੀ ਹੁੰਦੀ ਹੈ। ਜੇਕਰ ਇਕ ਸੜਕ ’ਤੇ ਚਾਰ ਕਤਾਰਾਂ ਵੀ ਲੱਗੀਆਂ ਹੋਣ ਤਾਂ ਵੀ ਇਕ ਰੂਟ ’ਤੇ 60-70 ਹਜ਼ਾਰ ਟਰੈਕਟਰ ਹੀ ਚੱਲ ਸਕਣਗੇ। ਦਿੱਲੀ ਨੂੰ ਆਉਂਦੀਆਂ ਸੜਕਾਂ ਦਿੱਲੀ-ਰੋਹਤਕ, ਦਿੱਲੀ-ਜੀਂਦ, ਦਿੱਲੀ-ਅੰਬਾਲਾ, ਦਿੱਲੀ-ਗਾਜ਼ੀਆਬਾਦ, ਦਿੱਲੀ-ਨੋਇਡਾ ਰਾਹੀਂ ਹਜ਼ਾਰਾਂ ਟਰੈਕਟਰ ਆ ਚੁੱਕੇ ਹਨ। ਇਨ੍ਹਾਂ ਸੜਕਾਂ ਤੋਂ ਦੂਜੀਆਂ ਗੱਡੀਆਂ ਨੂੰ ਪੁਲੀਸ ਹੋਰ ਰੂਟਾਂ ਵੱਲ ਭੇਜ ਰਹੀ ਹੈ। ਇਸੇ ਦੌਰਾਨ ਦਿੱਲੀ ਪੁਲੀਸ ਨੇ ਦਿੱਲੀ ਵਾਸੀਆਂ ਨੂੰ ਕਿਹਾ ਹੈ ਕਿ ਉਹ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੱਢੀ ਜਾ ਰਹੀ ਪਰੇਡ ਵਾਲੇ ਰੂਟਾਂ ਵੱਲ ਜਾਣ ਤੋਂ ਗੁਰੇਜ਼ ਕਰਨ। ਪੁਲੀਸ ਨੇ ਲੋਕਾਂ ਨੂੰ ਕੌਮੀ ਸ਼ਾਹਰਾਹ-44, ਜੀਟੀ ਕਰਨਾਲ ਰੋਡ, ਐੱਨਐੱਚ-10 ਵੱਲ ਨਾ ਜਾਣ ਦੀ ਸਲਾਹ ਦਿੱਤੀ ਹੈ।