ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਜਨਵਰੀ
ਪਟਿਆਲਾ ਦੇ ਨਜ਼ਦੀਕ ਪਿੰਡ ਸਿੱਧੂਵਾਲ ਕੋਲ ਅੱਜ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਸਾਥੀ ਤੀਜਾ ਨੌਜਵਾਨ ਗੰਭੀਰ ਜ਼ਖ਼ਮੀ ਹੈ। ਅਮਲੋਹ ਖੇਤਰ ਨਾਲ ਸਬੰਧਤ ਇਹ ਤਿੰਨੋਂ ਨੌਜਵਾਨ ਪਟਿਆਲਾ ਵਿਖੇ ਆਇਲੈੱਟਸ ਦੀ ਕਲਾਸ ਲਾਉਣ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਵਰਨਾ ਕਾਰ ਦੀ ਪਹਿਲਾਂ ਬੋਲੈਰੋ ਗੱਡੀ ਨਾਲ ਟੱਕਰ ਹੋ ਗਈ, ਜਿਸ ਮਗਰੋਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਗੈਸ ਸਿਲੰਡਰਾਂ ਵਾਲੇ ਟਰੱਕ ਨਾਲ ਜਾ ਟਕਰਾਈ। ਮ੍ਰਿਤਕਾਂ ਦੀ ਪਛਾਣ ਸਮਰਪ੍ਰੀਤ ਸਿੰਘ ਅਤੇ ਸਤਿੰਦਰਜੀਤ ਸਿੰਘ ਵਜੋਂ ਹੋਈ ਹੈ। ਜ਼ਖ਼ਮੀ ਨੌਜਵਾਨ ਦਾ ਨਾਮ ਸਮਨਦੀਪ ਸਿੰਘ ਹੈ, ਜੋ ਪਟਿਆਲਾ ਵਿਚਲੇ ਹਸਪਤਾਲ ਵਿੱਚ ਜੇਰੇ ਇਲਾਜ ਹੈ। ਉਸ ਦੀ ਹਾਲਤ ਗੰਭੀਰ ਹੈ। ਇਸ ਸਬੰਧੀ ਥਾਣਾ ਬਖਸ਼ੀਵਾਲਾ ਦੇ ਤਫਤੀਸ਼ੀ ਅਫਸਰ ਏਐੱਸਆਈ ਕਰਮ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।