ਚੰਡੀਗੜ੍ਹ: ਆਲ ਇੰਡੀਆ ਜੱਟ ਮਹਾਸਭਾ ਚੰਡੀਗੜ੍ਹ ਅਤੇ ਪੰਜਾਬ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਚੰਡੀਗੜ੍ਹ ਦੇ ਪ੍ਰਧਾਨ ਅਤੇ ਮੰਡੀ ਬੋਰਡ ਪੰਜਾਬ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਕਿਸਾਨ ਭਵਨ ਵਿੱਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ’ਤੇ ਲਿਆਂਦੇ ਕਾਨੂੰਨ ਕਿਰਸਾਨੀ ਨੂੰ ਖਤਮ ਕਰਨ ਦੀ ਰਾਹ ’ਤੇ ਪਾ ਦੇਣਗੇ। ਬਡਹੇੜੀ ਨੇ ਕਿਹਾ ਕਿ ਮੋਦੀ ਅਤੇ ਬਾਦਲਾਂ ਵੱਲੋਂ ਅੰਬਾਨੀ-ਅਡਾਨੀਆਂ ਨੂੰ ਖੁਸ਼ ਕਰਨ ਲਈ ਕਿਸਾਨ ਮਾਰੂ ਨੀਤੀਆਂ ਨੂੰ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਅੰਬਾਨੀਆਂ ਅਤੇ ਅਡਾਨੀਆਂ ਦੀਆਂ ਕੰਪਨੀਆਂ ਦੇ ਸਾਮਾਨ ਦਾ ਬਾਈਕਾਟ ਕਰਨ ਦੀ ਮੰਗ ਕੀਤੀ। ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਆਪਣੇ ਪੈਰਾਂ ਸਿਰ ਕਰਨ ਲਈ ਪ੍ਰਤਾਪ ਸਿੰਘ ਬਾਜਵਾ ਨੰ ਪ੍ਰਧਾਨ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਕਿਰਨਜੀਤ ਸਿੰਘ, ਤੇਜਿੰਦਰ ਸਿੰਘ ਪੁਨੀਆ, ਦਲਜੀਤ ਸਿੰਘ, ਗੁਰਤੇਜ ਕੌਰ, ਕੁਲਦੀਪ ਸਿੰਘ ਗਿੱਲ, ਅਮਰਬੀਰ ਸਿੰਘ ਸੰਧੂ ਸਣੇ ਹੋਰ ਮੈਂਬਰ ਵੀ ਹਾਜ਼ਰ ਸਨ। -ਟਨਸ