ਵਾਸ਼ਿੰਗਟਨ: ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਸਾਲ 2021 ਵਿੱਚ ਭਾਰਤ ਦੀ ਵਿਕਾਸ ਦਰ 11.5 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਆਈਐੱਮਐੱਫ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਭਾਰਤ ਨੂੰ ਇਹ ਅੰਕੜਾ ਸਰ ਕਰਨ ਲਈ ਅਜੇ ਕੁਝ ਹੋਰ ਪੈਂਡਾ ਤੈਅ ਕਰਨਾ ਹੋਵੇਗਾ। ਆਈਐੱਮਐੱਫ ਦੀ ਇਸ ਭਵਿੱਖਬਾਣੀ ਨਾਲ ਭਾਰਤ ਕਰੋਨਾ ਮਹਾਮਾਰੀ ਦਰਮਿਆਨ ਵਿਕਾਸ ਦਰਜ ਦੂਹਰੇ ਅੰਕੜੇ ਵਿੱਚ ਦਰਜ ਕਰਨ ਵਾਲਾ ਵਿਸ਼ਵ ਦਾ ਇਕੋ ਇਕ ਪ੍ਰਮੁੱਖ ਅਰਥਚਾਰਾ ਬਣ ਜਾਵੇਗਾ। ਅਗਲੇ ਹਫ਼ਤੇ ਭਾਰਤ ਦਾ ਸਾਲਾਨਾ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਆਈਐੱਮਐੱਫ ਦੀ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਮੋਦੀ ਸਰਕਾਰ ਵੱਲੋਂ ਮਹਾਮਾਰੀ ਦੇ ਟਾਕਰੇ ਲਈ ਕੀਤੇ ਉਪਰਾਲਿਆਂ ਨੂੰ ਅੱਗੋਂ ਵੀ ਜਾਰੀ ਰੱਖਣ ਦੀ ਵਕਾਲਤ ਕੀਤੀ ਹੈ। -ਪੀਟੀਆਈ