ਅਹਿਮਦਾਬਾਦ, 24 ਫਰਵਰੀ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਅਹਿਮਦਾਬਾਦ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਕੀਤਾ। ਸਟੇਡੀਅਮ ਵਿੱਚ ਇਕੋ ਵੇਲੇ 1.32 ਲੱਖ ਦਰਸ਼ਕ ਬੈਠ ਕੇ ਮੈਚ ਦਾ ਆਨੰਦ ਲੈ ਸਕਣਗੇ। ਸਟੇਡੀਅਮ ਵਿੱਚ ਕ੍ਰਿਕਟ ਮੈਦਾਨ ਤੋਂ ਇਲਾਵਾਂ ਸਵਿਮਿੰਗ ਪੂਲ ਤੇ ਜਿੰਮ ਆਦਿ ਸਮੇਤ ਹੋਰ ਕਈ ਅਤਿ-ਆਧੁਨਿਕ ਸਹੂਲਤਾਂ ਮੌਜੂਦ ਹਨ। ਸਟੇਡੀਅਮ ਦਾ ਨਾਂ ਪਹਿਲਾਂ ਸਰਦਾਰ ਪਟੇਲ ਸਟੇਡੀਅਮ ਸੀ, ਜਿਸ ਨੂੰ ਬਦਲ ਕੇ ਹੁਣ (ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਦੇ ਨਾਮ ’ਤੇ) ‘ਨਰਿੰਦਰ ਮੋਦੀ ਸਟੇਡੀਅਮ’ ਦਾ ਨਾਂ ਦਿੱਤਾ ਗਿਆ ਹੈ। ਸਟੇਡੀਅਮ ਦੇ ਉਦਘਾਟਨ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਡ ਮੰਤਰੀ ਕਿਰਨ ਰਿਜਿਜੂ ਸਮੇਤ ਹੋਰ ਉੱਘੀਆਂ ਹਸਤੀਆਂ ਮੌਜੂਦ ਸਨ।
ਸਟੇਡੀਅਮ ਦੇ ਉਦਘਾਟਨ ਮਗਰੋਂ ਅਮਿਤ ਸ਼ਾਹ ਨੇ ਆਪਣੇ ਸੰਬੋਧਨ ’ਚ ਕਿਹਾ, ‘ਅਸੀਂ ਸਟੇਡੀਅਮ ਦਾ ਨਾਮ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ’ਤੇ ਰੱਖਣ ਦਾ ਫੈਸਲਾ ਕੀਤਾ ਹੈ। ਇਹ ਪ੍ਰਾਜੈਕਟ ਮੋਦੀ ਜੀ ਦਾ ਸੁਫ਼ਨਾ ਸੀ।’ ਸਟੇਡੀਅਮ ਦੇ ਉਦਘਾਟਨ ਲਈ ਆਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮਗਰੋਂ ਸਟੇਡੀਅਮ ਵਿੱਚ ਹੀ ਬਣਨ ਵਾਲੇ ਖੇਡ ਕੰਪਲੈਕਸ ਲਈ ਕੀਤੇ ਭੂਮੀ ਪੂਜਨ ਵਿੱਚ ਵੀ ਸ਼ਿਰਕਤ ਕੀਤੀ। ਇਸ ਖੇਡ ਕੰਪਲੈਕਸ, ਜਿਸ ਨੂੰ ਸਰਦਾਰ ਪਟੇਲ ਖੇਡ ਕੰਪਲੈਕਸ ਦਾ ਨਾਂ ਦਿੱਤਾ ਜਾਵੇਗਾ, ਵਿੱਚ ਫੁਟਬਾਲ, ਹਾਕੀ, ਬਾਸਕਟਬਾਲ, ਕਬੱਡੀ, ਮੁੱਕੇਬਾਜ਼ੀ ਤੇ ਲਾਅਨ ਟੈਨਿਸ ਜਿਹੀਆਂ ਖੇਡਾਂ ਲਈ ਪ੍ਰਬੰਧ ਕੀਤਾ ਜਾਵੇਗਾ। ਕ੍ਰਿਕਟ ਸਟੇਡੀਅਮ ਦੇ ਰਸਮੀ ਉਦਘਾਟਨ ਮਗਰੋਂ ਬਾਅਦ ਦੁਪਹਿਰ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਦਿਨ-ਰਾਤ ਦਾ ਟੈਸਟ ਮੈਚ ਵੀ ਖੇਡਿਆ ਗਿਆ।
63 ਏਕੜ ਤੋਂ ਵੱਧ ਦੇ ਰਕਬੇ ਵਿੱਚ ਫੈਲੇ ਸਟੇਡੀਅਮ ਨੂੰ 800 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਦੀ ਗਿਣਤੀ ਪੱਖੋਂ ਸਟੇਡੀਅਮ ਵਿੱਚ 1.32 ਲੱਖ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਦੇ ਮੈਲਬਰਨ ਕ੍ਰਿਕਟ ਮੈਦਾਨ ਨੂੰ ਸਭ ਤੋਂ ਵੱਡਾ ਮੰਨਿਆ ਜਾਂਦਾ ਸੀ, ਜਿੱਥੇ ਇਕ ਸਮੇਂ ’ਚ 90 ਹਜ਼ਾਰ ਦਰਸ਼ਕ ਬੈਠ ਸਕਦੇ ਹਨ। ਸਟੇਡੀਅਮ ਵਿੱਚ ਕੁੱਲ ਮਿਲਾ ਕੇ ਲਾਲ ਤੇ ਕਾਲੀ ਮਿੱਟੀ ਵਾਲੀਆਂ 11 ਪਿੱਚਾਂ ਹਨ। ਕ੍ਰਿਕਟ ਮੈਦਾਨ ’ਚ ਨਿਕਾਸੀ ਪ੍ਰਬੰਧ ਇੰਨਾ ਜ਼ਬਰਦਸਤ ਹੈ ਕਿ ਮੀਂਹ ਰੁਕਣ ਤੋਂ ਅੱਧੇ ਘੰਟੇ ਅੰਦਰ ਸਾਰਾ ਪਾਣੀ ਮੈਦਾਨ ’ਚੋਂ ਨਿਕਲ ਜਾਵੇਗਾ। ਮੋਟੇਰਾ ਦੇ ਇਸ ਸਟੇਡੀਅਮ ਨੂੰ ਸਾਲ 2015 ਵਿੱਚ ਨਵਿਆਉਣ ਲਈ ਬੰਦ ਕੀਤਾ ਗਿਆ ਸੀ। ਇਸ ਸਟੇਡੀਅਮ ਨਾਲ ਕ੍ਰਿਕਟ ਇਤਿਹਾਸ ਦੀਆਂ ਕੁਝ ਸੁਨਹਿਰੀ ਯਾਦਾਂ ਜੁੜੀਆਂ ਹਨ। -ਪੀਟੀਆਈ
ਸਿਰਫ਼ ਮੋਟੇਰਾ ਸਟੇਡੀਅਮ ਦਾ ਨਾਮ ਬਦਲਿਆ: ਸਰਕਾਰ
ਨਵੀਂ ਦਿੱਲੀ: ਸਟੇਡੀਅਮ ਦਾ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਰੱਖੇ ਜਾਣ ਤੋਂ ਉਪਜੇ ਵਿਵਾਦ ਮਗਰੋਂ ਸਫ਼ਾਈ ਦਿੰਦਿਆਂ ਸਰਕਾਰ ਨੇ ਕਿਹਾ ਕਿ ਨਾਮ ਤਬਦੀਲੀ ਸਿਰਫ਼ ਮੋਟੇਰਾ ਸਟੇਡੀਅਮ ਦੀ ਕੀਤੀ ਗਈ ਹੈ ਜਦੋਂਕਿ ਪੂਰਾ ਖੇਡ ਕੰਪਲੈਕਸ ਪਹਿਲਾਂ ਵਾਂਗ ਸਰਦਾਰ ਵੱਲਭਭਾਈ ਪਟੇਲ ਦੇ ਨਾਮ ’ਤੇ ਰਹੇਗਾ। -ਪੀਟੀਆਈ
‘ਹਮ ਦੋ ਹਮਾਰੇ ਦੋ’ ਬਾਰੇ ਸੱਚ ਸਾਹਮਣੇ ਆਇਆ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਗੁਜਰਾਤ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਦਿੱਤੇ ਜਾਣ ’ਤੇ ਚੁਟਕੀ ਲੈਂਦਿਆਂ ਕਿਹਾ ਕਿ ‘ਹਮ ਦੋ ਹਮਾਰੇ ਦੋ’ ਦਾ ਸੱਚ ਸਾਹਮਣੇ ਆ ਗਿਆ ਹੈ। ਪਹਿਲਾਂ ਤਾਂ ਸਟੇਡੀਅਮ ਨੂੰ ‘ਨਰਿੰਦਰ ਮੋਦੀ ਸਟੇਡੀਅਮ’ ਦਾ ਨਾਮ ਦਿੱਤਾ ਤੇ ਮਗਰੋਂ ਇਸ ਦੇ ਦੋਵੇਂ ਸਿਰਿਆਂ ਨੂੰ ਕਾਰਪੋਰੇਟ ਹਾਊਸਾਂ (ਅੰਡਾਨੀ ਤੇ ਰਿਲਾਇੰਸ) ਦੇ ਨਾਮ ਦਿੱਤੇ ਤੇ ਅਮਿਤ ਸ਼ਾਹ ਦਾ ਪੁੱਤਰ (ਜੇਅ ਸ਼ਾਹ), ਜੋ ਕ੍ਰਿਕਟ ਪ੍ਰਸ਼ਾਸਨ ’ਚ ਸ਼ੁਮਾਰ ਹੈ, ਸਾਰੀ ਕਹਾਣੀ ਨੂੰ ਬਿਆਨ ਕਰਦਾ ਹੈ। ਗਾਂਧੀ ਨੇ ਟਵੀਟ ਕੀਤਾ, ‘ਖ਼ੂਬਸੂਰਤ, ਕਿਵੇਂ ਸੱਚ ਖ਼ੁਦ ਬਖੁ਼ਦ ਬਾਹਰ ਆਉਂਦਾ ਹੈ। ਨਰਿੰਦਰ ਮੋਦੀ ਸਟੇਡੀਅਮ- ਅਡਾਨੀ ਐਂਡ- ਰਿਲਾਇੰਸ ਐਂਡ। ਉੱਤੋਂ ਜੇਅ ਸ਼ਾਹ ਦੀ ਪ੍ਰਧਾਨਗੀ।’ -ਪੀਟੀਆਈ