ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਕਤੂਬਰ
ਭਾਰਤ ਵਿੱਚ ਜਰਮਨੀ ਦੇ ਰਾਜਦੂਤ ਡਾ. ਫਿਲਿਪ ਐਕਰਮੈਨ ਨੇ ਅੱਜ ਦਿੱਲੀ ਸਕੱਤਰੇਤ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਸ਼ਾਨਦਾਰ ਸਰਕਾਰੀ ਸਕੂਲਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਪਹਿਲਾਂ ਉਨ੍ਹਾਂ ਦੀ ਹਾਲਤ ਬਹੁਤ ਖਰਾਬ ਸੀ। ਸਿਰਫ਼ ਚਾਰ-ਪੰਜ ਸਾਲਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਵਿਸ਼ਵ ਪੱਧਰੀ ਤਬਦੀਲੀ ਦੇਖਣਾ ਹੈਰਾਨੀਜਨਕ ਹੈ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਸਰਕਾਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਬਣਾਈਆਂ ਹਨ। ਅਧਿਆਪਕ-ਪ੍ਰਿੰਸੀਪਲ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਅਤੇ ਬਜਟ ਦਾ 25 ਫੀਸਦੀ ਹਿੱਸਾ ਸਿੱਖਿਆ ‘ਤੇ ਖਰਚ ਕੀਤਾ ਜਾ ਰਿਹਾ ਹੈ। ਸਕੂਲਾਂ, ਹਸਪਤਾਲਾਂ, ਬਿਜਲੀ ਅਤੇ ਪਾਣੀ ਦੇ ਖੇਤਰ ਵਿੱਚ ਕੀਤੇ ਚੰਗੇ ਕੰਮਾਂ ਕਾਰਨ ਸਾਡੀ ਸਰਕਾਰ ਦੇਸ਼ ਭਰ ਵਿੱਚ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ, ‘ਅਸੀਂ ਦਿੱਲੀ ਦੀਆਂ ਸੜਕਾਂ ਨੂੰ ਵਿਸ਼ਵ ਪੱਧਰੀ ਬਣਾਉਣਾ ਚਾਹੁੰਦੇ ਹਾਂ ਅਤੇ ਇਸ ਸਬੰਧੀ ਜਰਮਨ ਮਾਹਿਰਾਂ ਦੀ ਮਦਦ ਲੈਣ ਬਾਰੇ ਵਿਚਾਰ ਕਰ ਸਕਦੇ ਹਾਂ। ਸਾਡੀ ਸਰਕਾਰ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਵੱਖ-ਵੱਖ ਪਹਿਲਕਦਮੀਆਂ ਨਾਲ ਈ-ਬੱਸਾਂ ਅਤੇ ਦੋ-ਤਿੰਨ ਪਹੀਆ ਵਾਹਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ। 2025 ਤੱਕ ਦਿੱਲੀ ਦੀਆਂ 80 ਫੀਸਦੀ ਪਬਲਿਕ ਟਰਾਂਸਪੋਰਟ ਬੱਸਾਂ ਇਲੈਕਟ੍ਰਿਕ ਹੋਣਗੀਆਂ’ ਜਰਮਨੀ ਅਤੇ ਦਿੱਲੀ ਯਮੁਨਾ ਦੀ ਸਫਾਈ ਅਤੇ ਦਿੱਲੀ ਦੀਆਂ ਸੜਕਾਂ ਨੂੰ ਸੁਧਾਰਨ ਲਈ ਆਪਸੀ ਸਹਿਯੋਗ ਦੇ ਤਰੀਕਿਆਂ ਦੀ ਖੋਜ ਕਰਨਗੇ।
ਸਰਕਾਰੀ ਸਕੂਲਾਂ ਦਾ ‘ਵਰਲਡ ਸਕੂਲ ਰੈਂਕਿੰਗ’ ਵਿੱਚ ਸ਼ਾਨਦਾਰ ਪ੍ਰਦਰਸ਼ਨ
ਕੌਮੀ ਰਾਜਧਾਨੀ ਦਿੱਲੀ ਦੇ ਦੋ ਸਰਕਾਰੀ ਸਕੂਲਾਂ ਨੇ ਨਵੀਨਤਮ ਐਜੂਕੇਸ਼ਨ ਵਰਲਡ ਸਕੂਲ ਰੈਂਕਿੰਗ ਵਿੱਚ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਸਕੂਲਾਂ ਵਿੱਚ ਰਾਜਕੀਆ ਪ੍ਰਤਿਭਾ ਵਿਕਾਸ ਵਿਦਿਆਲਿਆ ਦਵਾਰਕਾ ਅਤੇ ਰਾਜਕੀਆ ਪ੍ਰਤਿਭਾ ਵਿਕਾਸ ਵਿਦਿਆਲਿਆ ਯਮੁਨਾ ਵਿਹਾਰ ਸ਼ਾਮਲ ਹਨ। ਇਸ ਤੋਂ ਇਲਾਵਾ ਦਿੱਲੀ ਦੇ ਤਿੰਨ ਹੋਰ ਸਰਕਾਰੀ ਸਕੂਲ ਟੌਪ-10 ਦੀ ਸੂਚੀ ਵਿੱਚ ਉਭਰੇ ਹਨ। ਇਨ੍ਹਾਂ ਵਿੱਚ ਕ੍ਰਮਵਾਰ ਰਾਜਕੀਆ ਪ੍ਰਤਿਭਾ ਵਿਕਾਸ ਵਿਦਿਆਲਿਆ ਰੋਹਿਣੀ (9), ਰਾਜਕੀਆ ਪ੍ਰਤਿਭਾ ਵਿਕਾਸ ਵਿਦਿਆਲਿਆ, ਸੈਕਟਰ 5 ਅਤੇ ਰਾਜਕੀਆ ਪ੍ਰਤਿਭਾ ਵਿਕਾਸ ਵਿਦਿਆਲਿਆ ਸੂਰਜਮਲ ਵਿਹਾਰ ਸ਼ਾਮਲ ਹਨ। ਇਸ ਪ੍ਰਾਪਤੀ ’ਤੇ ਦਿੱਲੀ ਸਰਕਾਰ ਦੀ ਸਿੱਖਿਆ ਟੀਮ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ‘ਤੇ ਲਿਖਿਆ, ‘ਮੇਰੀ ਐਜੂਕੇਸ਼ਨ ਟੀਮ ‘ਤੇ ਮਾਣ ਹੈ। ਇੱਕ ਵਾਰ ਫਿਰ ਦਿੱਲੀ ਦੇ ਸਰਕਾਰੀ ਸਕੂਲ ਭਾਰਤ ਦੇ ਸਰਵੋਤਮ ਰਾਜ ਸਰਕਾਰੀ ਸਕੂਲ ਦੇ ਨਾਲ ਐਜੂਕੇਸ਼ਨ ਵਰਲਡ ਸਕੂਲ ਰੈਂਕਿੰਗ ਵਿੱਚ ਸਿਖਰ ‘ਤੇ ਹਨ’। ਕੇਜਰੀਵਾਲ ਨੇ ਕਿਹਾ ਕਿ ਇਸ ਸ਼ਾਨਦਾਰ ਕਾਰਨਾਮੇ ਲਈ ਟੀਮ ਐਜੂਕੇਸ਼ਨ ਨੂੰ ਵਧਾਈ।