ਰਤਨ ਸਿੰਘ ਢਿੱਲੋਂ
ਅੰਬਾਲਾ, 27 ਜਨਵਰੀ
ਦਿੱਲੀ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਮਗਰੋਂ ਅੱਜ ਕਿਸਾਨਾਂ ਦੀ ਵਾਪਸੀ ਲਗਾਤਾਰ ਜਾਰੀ ਹੈ। ਟਰੈਕਟਰਾਂ ਦੀਆਂ ਕਤਾਰਾਂ ਟੁੱਟਣ ਦਾ ਨਾਂ ਨਹੀਂ ਲੈ ਰਹੀਆਂ। ਸ਼ੰਭੂ ਟੌਲ ਪਲਾਜ਼ਾ ’ਤੇ ਜਾਮ ਦੀ ਸਥਿਤੀ ਨਾ ਹੋਵੇ, ਇਸ ਲਈ ਅੰਬਾਲਾ ਪੁਲੀਸ ਨੇ ਵੱਡੀ ਗਿਣਤੀ ’ਚ ਮੁਲਾਜ਼ਮ ਤਾਇਨਾਤ ਕੀਤੇ ਦਿੱਤੇ ਹਨ। ਲਾਲ ਕਿਲ੍ਹੇ ’ਤੇ ਝੰਡਾ ਝੁਲਾਉਣ ਸਬੰਧੀ ਟਿੱਪਣੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਗੁਲਾਬ ਸਿੰਘ ਨੇ ਇਸ ਨੂੰ ਭਾਜਪਾ ਸਰਕਾਰ ਦੀ ਕਾਰਵਾਈ ਦੱਸਿਆ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਭਾਜਪਾ ਦਾ ਖਾਸ ਆਦਮੀ ਹੈ, ਜਿਸ ਨੂੰ ਮੋਦੀ ਸਰਕਾਰ ਨੇ ਜਾਣ-ਬੁੱਝ ਕੇ ਮਾਹੌਲ ਖ਼ਰਾਬ ਕਰਨ ਲਈ ਭੇਜਿਆ ਸੀ। ਇਹ ਸਾਰਾ ਕੁਝ ਸਰਕਾਰ ਦੀ ਸਹਿਮਤੀ ਨਾਲ ਹੋਇਆ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨਾਲ ਦੀਪ ਸਿੱਧੂ ਦੀਆਂ ਦੋ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਸਾਫ਼ ਹੈ ਕਿ ਉਹ ਮੋਦੀ ਸਰਕਾਰ ਦਾ ਖਾਸ ਹੈ, ਜਦੋਂ ਕਿ ਮੋਦੀ ਮੀਡੀਆ ਉਸ ਨੂੰ ਕਿਸਾਨਾਂ ਦਾ ਆਦਮੀ ਦੱਸ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸਰਕਾਰ ਦੀ ਸ਼ਹਿ ਹੇਠ ਹੀ ਹੋਇਆ। ਗੁਲਾਬ ਸਿੰਘ ਨੇ ਕਿਹਾ ਕਿ ਹਮੇਸ਼ਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਹਿਣ ਵਾਲੀ ਦਿੱਲੀ ਵਿੱਚ ਬੀਤੇ ਦਿਨ ਨਾਂ-ਮਾਤਰ ਪੁਲੀਸ ਹੋਣਾ ਵੀ ਸ਼ੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਸੀ ਕਿ ਅੰਦੋਲਨ ਫੇਲ੍ਹ ਹੋਵੇ ਪਰ ਸਰਕਾਰ ਦੀ ਚਾਲ ਨਹੀਂ ਚੱਲੇਗੀ ਅਤੇ ਕਿਸਾਨ ਅੰਦੋਲਨ ਜਾਰੀ ਰਹੇਗਾ। ਪੰਜਾਬ ਵਾਪਸ ਜਾ ਰਹੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜਾਣ-ਬੁੱਝ ਕੇ ਬੈਰੀਗੇਡ ਲਾ ਕੇ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਮੋੜਿਆ। ਇਕ ਹੋਰ ਕਿਸਾਨ ਨੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਾਲ ਕਿਲ੍ਹੇ ’ਤੇ ਕੀਤੇ ਘਟਨਾਕ੍ਰਮ ਦੀ ਨਿਖੇਧੀ ਕੀਤੀ।
ਦੀਪ ਸਿੱਧੂ ਸਰਕਾਰ ਦਾ ਦਲਾਲ: ਚੜੂਨੀ
ਭਾਰਤੀ ਕਿਸਾਨ ਯੂਨੀਅਨ ਹਰਿਆਣਾ ਪ੍ਰਦੇਸ਼ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਅਪਲੋਡ ਕਰਕੇ ਦੀਪ ਸਿੱਧੂ ਨੂੰ ਮੋਦੀ ਸਰਕਾਰ ਦਾ ਦਲਾਲ ਦੱਸਿਆ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਧਾਰਮਿਕ ਰੰਗ ਦੇਣਾ ਨਿੰਦਣਯੋਗ ਹੈ, ਕਿਉਂਕਿ ਇਹ ਕੇਵਲ ਕਿਸਾਨਾਂ ਦਾ ਲੋਕ ਅੰਦੋਲਨ ਹੈ, ਧਾਰਮਿਕ ਅੰਦੋਲਨ ਬਿਲਕੁਲ ਨਹੀਂ ਹੈ। ਦੀਪ ਸਿੱਧੂ ਵੱਲੋਂ ਕੀਤੀ ਕਾਰਵਾਈ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਰਕਾਰ ਦਾ ਦਲਾਲ ਹੈ, ਪਹਿਲਾਂ ਤੋਂ ਹੀ ਅੰਦੋਲਨ ਨੂੰ ਤਾਰੋਪੀਡੋ ਕਰਨ ਲਈ ਗੜਬੜ ਕਰਦਾ ਆ ਰਿਹਾ ਹੈ ਅਤੇ ਕਿਸਾਨ ਆਗੂਆਂ ਵਿਰੁੱਧ ਬੋਲਦਾ ਹੈ। ਚੜੂਨੀ ਨੇ ਕਿਹਾ ਕਿ ਉਨ੍ਹਾਂ ਦਾ ਲਾਲ ਕਿਲ੍ਹੇ ’ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਅਤੇ ਦੀਪ ਸਿੱਧੂ ਬਾਗ਼ੀ ਹੋ ਕੇ ਲਾਲ ਕਿਲ੍ਹੇ ਵੱਲ ਗਿਆ ਅਤੇ ਉਸ ਨੇ ਲੋਕਾਂ ਨੂੰ ਵੀ ਗੁੰਮਰਾਹ ਕੀਤਾ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਕਿਸਾਨਾਂ ਦਾ ਹੈ ਅਤੇ ਕਿਸਾਨਾਂ ਦਾ ਹੀ ਰਹੇਗਾ, ਇਸ ਲਈ ਲੋਕ ਕਿਸੇ ਦੀਆਂ ਗੱਲਾਂ ’ਚ ਨਾ ਆਉਣ। ਕਿਸਾਨਾਂ ਦੀ ਸ਼ਹੀਦੀ ਬਾਰੇ ਚੜੂਨੀ ਨੇ ਕਿਹਾ ਕਿ ਜੋ ਰੂਟ ਉਹ ਮੰਗ ਰਹੇ ਸਨ, ਉੱਥੇ ਅਜਿਹੀ ਕੋਈ ਘਟਨਾ ਨਹੀਂ ਸੀ ਵਾਪਰਨੀ ਪਰ ਪੁਲੀਸ ਨੇ ਉਨ੍ਹਾਂ ਦੀ ਗੱਲ ਅਣਸੁਣੀ ਕੀਤੀ।