ਪੱਤਰ ਪ੍ਰੇਰਕ
ਟੱਲੇਵਾਲ, 30 ਜੂਨ
ਝੋਨੇ ਦਾ ਸੀਜ਼ਨ ਲਗਾਤਾਰ ਜਾਰੀ ਹੈ ਪਰ ਪੰਜਾਬ ਸਰਕਾਰ ਤੇ ਪਾਵਰਕੌਮ ਵੱਲੋਂ ਕਿਸਾਨਾਂ ਨਾਲ ਕੀਤੇ ਹੋਏ ਵਾਅਦੇ ਅਨੁਸਾਰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਹੀਂ ਮਿਲ ਰਹੀ। ਜਿਸ ਕਰਕੇ ਕਿਸਾਨਾਂ ਵਿਚ ਸਰਕਾਰ ਅਤੇ ਪਾਵਰਕਾਮ ਵਿਰੁੱਧ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਪਿੰਡ ਗਾਗੇਵਾਲ ਵਿੱਚ ਕਿਸਾਨਾਂ ਵੱਲੋਂ ਸਰਕਾਰ ਤੇ ਪਾਵਰਕਾਮ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਆਗੂ ਮਿੱਤਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਸਰਕਾਰ ਝੋਨੇ ਲਈ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੇ ਵਾਅਦੇ ਕਰ ਰਹੀ ਹੈ। ਪਰ ਪਾਵਰਕੱਟ ਦੇ ਨਾਮ ’ਤੇ ਚਾਰ-ਚਾਰ ਘੰਟੇ ਦੀ ਬਿਜਲੀ ਸਪਲਾਈ ਕੱਟੀ ਜਾ ਰਹੀ ਹੈ। ਅੱਠ ਘੰਟਿਆਂ ਵਿੱਚੋਂ ਉਨ੍ਹਾਂ ਨੂੰ ਚਾਰ ਤੋਂ ਪੰਜ ਘੰਟੇ ਬਿਜਲੀ ਹੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਾ ਮਿਲਣ ਕਾਰਨ ਝੋਨੇ ਦੀ ਫਸਲ ਸੁੱਕ ਰਹੀ ਹੈ ਅਤੇ ਉਨ੍ਹਾਂ ਨੂੰ ਮਹਿੰਗੇ ਭਾਅ ਡੀਜ਼ਲ ਮਚਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਸੁਦਾਗਰ ਸਿੰਘ ਇਕਾਈ ਪ੍ਰਧਾਨ, ਹਰਜੀਤ ਸਿੰਘ ਬਿੱਟੂ, ਦਰਸ਼ਨ ਸਿੰਘ, ਬੇਅੰਤ ਸਿੰਘ, ਗੁਰਦੇਵ ਸਿੰਘ, ਭੋਲਾ ਸਿੰਘ, ਅੰਮ੍ਰਿਤਪਾਲ ਸਿੰਘ, ਪਵਨਦੀਪ ਸਿੰਘ, ਚਰਨਪਾਲ ਸਿੰਘ ਅਤੇ ਰਾਜਵਿੰਦਰ ਸਿੰਘ ਵੀ ਹਾਜ਼ਰ ਸਨ।
ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਝੋਨਾ ਸੁੱਕਣ ਲੱਗਿਆ
ਸ਼ਹਿਣਾ (ਪੱਤਰ ਪ੍ਰੇਰਕ): ਬਿਜਲੀ ਸਪਲਾਈ ਨੂੰ ਲੱਗ ਰਹੇ ਕੱਟ ਅਤੇ ਮੀਂਹ ਘੱਟ ਪੈਣ ਕਾਰਨ ਝੋਨੇ ਦੇ ਖੇਤ ਵਿੱਚ ਪਈਆ ਤਰੇੜਾਂ ਕਾਰਨ ਝੋਨਾ ਸੁੱਕਣਾ ਸ਼ੁਰੂ ਹੋ ਗਿਆ। ਇਸ ਕਾਰਨ ਖੇਤਰ ਦੇ ਕਿਸਾਨ ਪ੍ਰੇਸ਼ਾਨ ਹਨ। ਕਿਸਾਨ ਜਰਨੈਲ ਸਿੰਘ, ਹਾਕਮ ਸਿੰਘ, ਭੋਲਾ ਸਿੰਘ, ਸੁਦਾਗਰ ਸਿੰਘ, ਮੱਖਣ ਸਿੰਘ ਨੇ ਦੱਸਿਆ ਕਿ ਇਸ ਵਾਰ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆ ਹੀ ਬਿਜਲੀ ਦੇ ਕੱਟਾਂ ਅਤੇ ਮੀਂਹ ਨਾਮਾਤਰ ਹੋਣ ਕਾਰਨ ਖੇਤ ਸੁੱਕਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੜਾਕੇ ਦੀ ਗਰਮੀ ਕਾਰਨ ਝੋਨੇ ਦਾ ਪਾਣੀ ਰੋਜ਼ਾਨਾ ਸੁੱਕ ਜਾਂਦਾ ਹੈ। ਖੇਤਾਂ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਕਿਸਾਨਾਂ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਲਗਾਤਾਰ ਅੱਠ ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਹੋਇਆ ਹੈ ਪਰ ਕਿਸਾਨਾਂ ਨੂੰ ਬਿਜਲੀ ਪੂਰੀ ਨਹੀਂ ਮਿਲ ਰਹੀ। ਜਿਸ ਕਾਰਨ ਕਿਸਾਨਾਂ ਵੱਲੋਂ ਲਾਇਆ ਹੋਇਆ ਝੋਨਾ ਸੁੱਕ ਰਿਹਾ ਹੈ ਅਤੇ ਲੱਗੇ ਹੋਏ ਝੋਨੇ ਨੂੰ ਪਾਣੀ ਦੀ ਪੂਰੀ ਕਮੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਨਾ ਇਸ ਸਬੰਧੀ ਕੁਝ ਨਾ ਕੀਤਾ ਤਾਂ ਸੰਘਰਸ਼ ਵਿੱਢਿਆ ਜਾਵੇਗਾ।