ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 30 ਜੂਨ
ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਖ਼ਿਲਾਫ਼ ਰੋਸ ਜਾਹਿਰ ਕਰਦਿਆਂ ਖੱਬੇ ਪੱਖੀ ਪਾਰਟੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਅੱਜ ਰੋਸ ਮੁਜ਼ਾਹਰਾ ਕੀਤਾ ਗਿਆ। ਇਥੋਂ ਦੇ ਡੀਸੀ ਦਫਤਰ ਮੂਹਰੇ ਪ੍ਰਦਰਸ਼ਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਆਗੂ ਜਗਜੀਤ ਸਿੰਘ ਜੱਸੇਆਣਾ, ਕਾਮਰੇਡ ਸੱਤਪਾਲ ਮੋਹਲਾਂ, ਹਰਜੀਤ ਸਿੰਘ ਮਦਰੱਸਾ, ਹਰਲਾਭ ਸਿੰਘ ਦੂਹੇਵਾਲਾ, ਬੋਹੜ ਸਿੰਘ ਸੁਖਨਾ ਅਤੇ ਚੰਬਾ ਸਿੰਘ ਹੋਰਾਂ ਨੇ ਕਿਹਾ ਕਿ ਸਰਕਾਰ ਗਰੀਬਾਂ ਨੂੰ ਮੁਫਤ ਸਹੂਲਤਾਂ ਦੇਣ ਦੇ ਨਾਂ ’ਤੇ ਸਿਆਸਤ ਕਰਦੀ ਹੈ ਜਦੋਂ ਕਿ ਅਸਲ ਵਿੱਚ ਨਿਗੂਣੀਆਂ ਸਹੂਲਤਾਂ ਦੇ ਕੇ ਟੈਕਸਾਂ ਅਤੇ ਮਹਿੰਗਾਈ ਦੇ ਰੂਪ ਵਿੱਚ ਕਈ ਗੁਣਾਂ ਵੱਧ ਵਸੂਲੀ ਕਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਵਿੱਚ ਵਾਧਾ ਮਜ਼ਦੂਰੀ ਦੇ ਵਾਧੇ ਨਾਲੋਂ ਕਈ ਗੁਣਾ ਵੱਧ ਹੈ ਜਿਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਇਸ ਮੌਕੇ ਵੱਡੀ ਗਿਣਤੀ ’ਚ ਖੇਤ ਮਜ਼ਦੂਰ ਔਰਤਾਂ ਵੀ ਮੌਜੂਦ ਸਨ। ਬਾਅਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ।
ਮਾਨਸਾ (ਜੋਗਿੰਦਰ ਸਿੰਘ ਮਾਨ): ਪੈਟਰੋਲ, ਡੀਜ਼ਲ ਅਤੇ ਗੈਸ ਕੀਮਤਾਂ ਵਿੱਚ ਅਥਾਹ ਵਾਧੇ ਖ਼ਿਲਾਫ਼ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਗੁਰਜੰਟ ਮਾਨਸਾ ਅਤੇ ਆਰਐਮਪੀਆਈ ਦੇ ਮੇਜਰ ਸਿੰਘ ਦੂਲੋਵਾਲ ਦੀ ਅਗਵਾਈ ਹੇਠ ਰੋਸ ਮਾਰਚ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਆਗੂਆਂ ਨੇ ਮੋਦੀ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਪ੍ਰਤੀ ਵਾਇਰਲ ਤੇਲ ਕੀਮਤਾਂ ਕੌਮਾਂਤਰੀ ਮੰਡੀ ਵਿੱਚ ਦਿਨੋਂ-ਦਿਨ ਡਿੱਗ ਰਹੀਆਂ ਹਨ ਅਤੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਮਹਿੰਗਾਈ ਕਾਰਨ ਆਮ ਪਰਿਵਾਰਾਂ ਦੇ ਬਜਟ ਹਿੱਲ ਚੁੱਕੇ ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਲੋਕਾਂ ਦੀ ਤਰਸਯੋਗ ਹਾਲਤ ਨੂੰ ਵਿਚਾਰਨ ਦੀ ਬਜਾਏ ਮੂਕ ਦਰਸ਼ਕ ਬਣੀ ਹੋਈ ਹੈ।
ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਪ੍ਰਦਰਸ਼ਨ
ਫਾਜ਼ਿਲਕਾ (ਪਰਮਜੀਤ ਸਿੰਘ): ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਮਹਿੰਗੀਆਂ ਹੋਣ ਕਾਰਨ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ। ਅੱਜ ਕਮਿਊਨਿਸਟ ਪਾਰਟੀਆਂ ਵੱਲੋਂ ਡੀਸੀ ਦਫਤਰ ਫਾਜ਼ਿਲਕਾ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ, ਕਾਮਰੇਡ ਦੀਵਾਨ ਸਿੰਘ,ਵਜ਼ੀਰ ਚੰਦ, ਬਲਵੰਤ ਚੌਹਾਨਾ, ਜੰਮੂ ਰਾਮ, ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਮੇਜ ਗੇਜੀ ਤੇ ਹੋਰਨਾਂ ਨੇ ਕੀਤੀ।