ਨਵੀਂ ਦਿੱਲੀ, 25 ਫਰਵਰੀ
‘ਪਾਵਰੀ ਹੋ ਰਹੀ ਹੈ’ ਕਥਨ ਦੇ ਮਸ਼ਹੂਰ ਹੋਣ ਮਗਰੋਂ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਵੀ ਕੇਂਦਰ ਸਰਕਾਰ ਵੱਲੋਂ ਗੁਜਰਾਤ ’ਚ ਕ੍ਰਿਕਟ ਸਟੇਡੀਅਮ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਰੱਖਣ ਦਾ ਮਖੌਲ ਉਡਾਉਂਦਿਆਂ ਕਿਹਾ ਹੈ,‘‘ਇਹ ਪੂੰਜੀਪਤੀਆਂ ਦੀ ਪਾਵਰੀ (ਪਾਰਟੀ) ਹੈ।’’ ਦਰਅਸਲ, ਕੱਲ੍ਹ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਸਰਦਾਰ ਪਟੇਲ ਕ੍ਰਿਕਟ ਸਟੇਡੀਅਮ ਦੇ ਉਦਘਾਟਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਟਿੱਪਣੀਆਂ ਕਰਦਿਆਂ ਦੋਸ਼ ਲਾਇਆ ਕਿ ਸਟੇਡੀਅਮ ਦਾ ਨਾਂ ਬਦਲ ਕੇ ਸਰਦਾਰ ਪਟੇਲ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸ੍ਰੀ ਯੇਚੁਰੀ ਨੇ ਟਵੀਟ ਕਰਦਿਆਂ ਕਿਹਾ,‘ਯੇ ਨਰਿੰਦਰ ਮੋਦੀ ਸਟੇਡੀਅਮ ਹੈ, ਯੇ ਇਸਕੇ ਦੋ ਐਂਡਜ਼ ਹੈਂ… ਔਰ ਯੇ ਕਰੋਨੀਜ਼ ਕੀ ਪਾਵਰੀ ਹੋ ਰਹੀ ਹੈ।’ ਇਸ ਟਵੀਟ ਨਾਲ ਉਨ੍ਹਾਂ ਇਕ ਤਸਵੀਰ ਵੀ ਸਾਂਝੀ ਕੀਤੀ ਜਿਸ’ਚ ਸਟੇਡੀਅਮ ਦੇ ਦੋ ਕੋਨਿਆਂ ਦੇ ਨਾਂ ‘ਰਿਲਾਇੰਸ’ ਅਤੇ ‘ਅਡਾਨੀ’ ਵਿਖਾਈ ਦੇ ਰਹੇ ਹਨ। -ਪੀਟੀਆਈ