ਸ਼ਿਮਲਾ, 30 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿਚ ਜ਼ਮੀਨ ਖ਼ਿਸਕਣ ਦੀ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਬਰਵਸ ਕੋਲ ਅੱਜ ਪੂਰਾ ਪਹਾੜ ਖ਼ਿਸਕਣ ਕਾਰਨ ਕੌਮੀ ਮਾਰਗ 707 ਬੰਦ ਹੋ ਗਿਆ। ਇਲਾਕੇ ਵਿਚ ਜ਼ੋਰਦਾਰ ਮੀਂਹ ਪੈਣ ਕਾਰਨ ਇਹ ਘਟਨਾ ਵਾਪਰੀ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਸੂਬੇ ਦੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਪਹਾੜ ਖ਼ਿਸਕਣ ਦੀ ਇਹ ਵੀਡੀਓ ਸ਼ੇਅਰ ਕੀਤੀ ਹੈ। ਕਰੀਬ 100 ਮੀਟਰ ਸੜਕ ਪਹਾੜ ਖ਼ਿਸਕਣ ਦੇ ਨਾਲ ਹੀ ਦੱਬ ਗਈ। ਇਸ ਨਾਲ ਪਾਉਂਟਾ ਸਾਹਿਬ-ਸ਼ਿਲਾਈ ਮਾਰਗ ਬੰਦ ਹੋ ਗਿਆ ਤੇ ਸਥਾਨਕ ਲੋਕਾਂ ਨੇ ਭੱਜ ਕੇ ਜਾਨ ਬਚਾਈ। ਹਿਮਾਚਲ ਦੇ ਡੀਜੀਪੀ ਸੰਜੈ ਕੁੰਡੂ ਨੇ ਲੋਕਾਂ ਨੂੰ ਸਾਵਧਾਨੀ ਨਾਲ ਯਾਤਰਾ ਕਰਨ ਲਈ ਕਿਹਾ ਹੈ। ਇਸੇ ਦੌਰਾਨ ਲਾਹੌਲ-ਸਪਿਤੀ ਦੇ ਉਦੈਪੁਰ ਵਿਚ ਜ਼ਮੀਨ ਖ਼ਿਸਕਣ ਕਾਰਨ ਫਸੇ ਕਰੀਬ 150 ਲੋਕ ਜਿਨ੍ਹਾਂ ਵਿਚ ਸੈਲਾਨੀ ਵੀ ਸ਼ਾਮਲ ਸਨ, ਨੂੰ ਅੱਜ ਤਿੰਨ ਦਿਨਾਂ ਬਾਅਦ ਸੁਰੱਖਿਅਤ ਉੱਥੋਂ ਕੱਢ ਲਿਆ ਗਿਆ ਹੈ। ਬਚਾਅ ਕਰਮੀਆਂ ਨੇ ਉਨ੍ਹਾਂ ਨੂੰ ਕੱਢਣ ਲਈ ਇਕ ਨਾਲ਼ੇ ਉਤੇ ਆਰਜ਼ੀ ਪੁਲ਼ ਬਣਾਇਆ। ਮਨਾਲੀ-ਲੇਹ ਤੇ ਮਨਾਲੀ-ਉਦੈਪੁਰ ਮਾਰਗ ’ਤੇ ਟਰੈਫਿਕ ਬਹਾਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਦੈਪੁਰ ਸਬ-ਡਿਵੀਜ਼ਨ (ਕੇਲੌਂਗ ਜ਼ਿਲ੍ਹਾ) ਦੇ ਤੋਜ਼ਿੰਗ ਨਾਲ਼ੇ ਵਿਚ ਬੱਦਲ ਫਟਣ ਕਾਰਨ ਹੜ੍ਹ ਆ ਗਿਆ ਸੀ। ਤਿੰਨ ਜਣੇ ਅਜੇ ਵੀ ਲਾਪਤਾ ਹਨ ਤੇ ਉਨ੍ਹਾਂ ਦੇ ਮਰਨ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ। ਰਾਜ ਸਰਕਾਰ ਨੇ ਲੋਕਾਂ ਨੂੰ ਉੱਚੇ ਪਹਾੜੀ ਇਲਾਕਿਆਂ ਵਿਚ ਨਾ ਜਾਣ ਲਈ ਕਿਹਾ ਹੈ। -ਆਈਏਐਨਐੱਸ
ਲਾਹੌਲ-ਸਪਿਤੀ ’ਚ ਰਾਜਸਥਾਨ ਦੇ ਤਿੰਨ ਪਰਬਤਾਰੋਹੀ ਲਾਪਤਾ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਵਿੱਚ ਰਾਜਸਥਾਨ ਦੇ ਤਿੰਨ ਪਰਬਤਾਰੋਹੀ ਲਾਪਤਾ ਹੋ ਗਏ ਹਨ। ਇਹ ਜਾਣਕਾਰੀ ਅੱਜ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਸੂਬਾ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਰਾਜਸਥਾਨ ਦੇ ਪਰਬਤਾਰੋਹੀ ਨਿਕੁੰਜ ਜੈਸਵਾਲ ਅਤੇ ਉਸ ਦੇ ਦੋ ਸਾਥੀ ਘੇਪਾਨ ਪਰਬਤ ’ਤੇ ਲਾਪਤਾ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਦੋ ਹੋਰਨਾਂ ਦੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸਿਸੂ ਥਾਣਾ ਚੌਕੀ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਬੀਕਾਨੇਰ ਦਾ ਵਾਸੀ ਜੈਸਵਾਲ ਅਤੇ ਉਸ ਦੇ ਸਾਥੀ ਪਿੰਡ ਵਿੱਚ ਹੋਟਲ ਤ੍ਰਿਵੇਣੀ ਵਿੱਚ ਰੁਕੇ ਹੋਏ ਸਨ। ਉਹ ਸੋਮਵਾਰ ਨੂੰ ਘੇਪਾਨ ਪਰਬਤ ’ਤੇ ਚੜ੍ਹਾਈ ਲਈ ਨਿਕਲੇ ਸਨ ਅਤੇ ਉਨ੍ਹਾਂ ਨੇ 29 ਜੁਲਾਈ ਨੂੰ ਵਾਪਸ ਮੁੜਨਾ ਸੀ ਪਰ ਉਹ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚੇ। ਉਨ੍ਹਾਂ ਦੱਸਿਆ ਕਿ ਲਾਪਤਾ ਸੈਲਾਨੀਆਂ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ