ਹੈਦਰਾਬਾਦ, 25 ਫਰਵਰੀ
ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ‘ਅਖੰਡ ਭਾਰਤ’ ਦੀ ਲੋੜ ਦੀ ਵਕਾਲਤ ਕਰਦਿਆਂ ਕਿਹਾ ਕਿ ਭਾਰਤ ਤੋਂ ਵੱਖ ਹੋਏ ਪਾਕਿਸਤਾਨ ਜਿਹੇ ਮੁਲਕ ਹੁਣ ਸੰਕਟ ’ਚ ਹਨ। ਇੱਥੇ ਇੱਕ ਪੁਸਤਕ ਰਿਲੀਜ਼ ਸਮਾਗਮ ਮੌਕੇ ਉਨ੍ਹਾਂ ਕਿਹਾ ਕਿ ‘ਅਖੰਡ ਭਾਰਤ’ ਹਿੰਦੂ ਧਰਮ ਰਾਹੀਂ ਸੰਭਵ ਹੈ, ਨਾ ਕਿ ਤਾਕਤ ਦੀ ਵਰਤੋਂ ਨਾਲ। ਉਨ੍ਹਾਂ ਕਿਹਾ,‘ਦੁਨੀਆ ਦੀ ਭਲਾਈ ਲਈ ਮਹਾਨ ਅਖੰਡ ਭਾਰਤ ਬਣਾਉਣ ਦੀ ਲੋੜ ਹੈ। ਇਸ ਲਈ ਦੇਸ਼ ਭਗਤੀ ਜਗਾਉਣ ਦੀ ਜ਼ਰੂਰਤ ਹੈ…। ਉਨ੍ਹਾਂ ਕਿਹਾ ਕਿ ਮੌਜੂਦਾ ਭਾਰਤ ਦੀ ਤੁਲਨਾ ’ਚ ਉਸ ਤੋਂ ਵੱਖ ਹੋਏ ਛੋਟੇ-ਛੋਟੇ ਹਿੱਸਿਆਂ, ਜਿਨ੍ਹਾਂ ਇਸ ਮੁਲਕ ਨਾਲੋਂ ਖ਼ੁਦ ਨੂੰ ਵੱਖ ਮੰਨ ਲਿਆ ਹੈ, ਨੂੰ ਆਪਣੇ ਸੰਕਟ ਤੋਂ ਬਾਹਰ ਨਿਕਲਣ ਲਈ ਮੁੜ ਭਾਰਤ ਨਾਲ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ‘ਅਖੰਡ ਭਾਰਤ’ ਦੀ ਧਾਰਨਾ ਸੰਭਵ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਮੁਲਕ ਦੀ ਵੰਡ ਤੋਂ ਪਹਿਲਾਂ ਇਸ ਗੱਲ ’ਤੇ ਗੰਭੀਰ ਸ਼ੱਕ ਜ਼ਾਹਰ ਕੀਤਾ ਸੀ ਕਿ ਪਾਕਿਸਤਾਨ ਬਣੇਗਾ ਜਾਂ ਨਹੀਂ, ਪਰ ਅਜਿਹਾ ਹੋ ਗਿਆ। ਆਰਐੱਸਐੱਸ ਮੁਖੀ ਨੇ ਕਿਹਾ ਕਿ ਜਦੋਂ ਪਹਿਲਾਂ ਪੰਡਤ ਜਵਾਹਰਲਾਲ ਨਹਿਰੂ ਤੋਂ 1947 ਵਿੱਚ ਦੇਸ਼ ਵੰਡ ਤੋਂ ਪਹਿਲਾਂ ਪਾਕਿਸਤਾਨ ਬਣਨ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਪਾਕਿਸਤਾਨ ਨੂੰ ‘ਮੂਰਖਾਂ ਦਾ ਸੁਪਨਾ’ ਕਿਹਾ ਸੀ ਪਰ ਅਜਿਹਾ ਹੋਇਆ। ਉਨ੍ਹਾਂ ਕਿਹਾ ਕਿ ਆਖ਼ਰਕਾਰ ਅਜਿਹਾ (ਵੰਡ) ਹੋਇਆ। ਜੋ ਅਸੰਭਵ ਲੱਗਦਾ ਸੀ, ਉਹ ਹੋਇਆ, ਇਸ ਲਈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹੁਣ ਅਸੰਭਵ ਲੱਗਣ ਵਾਲਾ ਅਖੰਡ ਭਾਰਤ (ਸੰਭਵ) ਹੋਵੇਗਾ? ਉਨ੍ਹਾਂ ਕਿਹਾ ਕਿ ‘ਅਖੰਡ ਭਾਰਤ’ ਤੋਂ ਵੱਖ ਹੋਏ ਖੇਤਰਾਂ, ਜੋ ਹੁਣ ਖ਼ੁਦ ਨੂੰ ਹੁਣ ਭਾਰਤ ਨਹੀਂ ਆਖਦੇ, ਵਿੱਚ ਨਾਖੁਸ਼ੀ ਹੈ ਤੇ ਉਨ੍ਹਾਂ ਨੂੰ ਇਸ ਸੰਕਟ ਤੋਂ ਬਾਹਰ ਕੱਢਣ ਦਾ ਇਲਾਜ ਮੁੜ ਤੋਂ ਭਾਰਤ ਨਾਲ ਏਕੀਕਰਨ ਹੈ।
-ਪੀਟੀਆਈ