ਨਵੀਂ ਦਿੱਲੀ, 30 ਜੂਨ
ਸੁਪਰੀਮ ਕੋਰਟ ਨੇ ਭਾਰਤੀ ਚਾਰਟਰਡ ਅਕਾਊਂਟੈਂਟਸ ਦੀ ਸੰਸਥਾ (ਆਈਸੀਏਆਈ) ਵੱਲੋਂ ਮੁਹੱਈਆ ਕਰਵਾਈ ਸਕੀਮ ਨੂੰ ਨਾਕਾਫ਼ੀ ਦੱਸਦਿਆਂ ਅਗਾਮੀ ਸੀਏ ਪ੍ਰੀਖਿਆ ਵਿੱਚ ਬੈਠਣ ਵਾਲੇ ਉਮੀਦਵਾਰਾਂ ਨੂੰ ਖ਼ੁਦ ਜਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਕੋਵਿਡ-19 ਹੋਣ ਦੀ ਸੂਰਤ ਵਿੱਚ ਪ੍ਰੀਖਿਆ ਵਿੱਚ ਨਾ ਬੈਠਣ ਦੇ ਵਿਕਲਪ ਨੂੰ ਚੁਣਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜਸਟਿਸ ਏ.ਐੱਮ.ਖਾਨਵਿਲਕਰ, ਦਿਨੇਸ਼ ਮਹੇਸ਼ਵਰੀ ਤੇ ਅਨਿਰੁੱਧ ਬੋਸ ਦੀ ਸ਼ਮੂਲੀਅਤ ਵਾਲੇ ਤਿੰਨ ਮੈਂਬਰੀ ਬੈਂਚ ਨੇ ਸਾਫ਼ ਕਰ ਦਿੱਤਾ ਕਿ ਪ੍ਰੀਖਿਆ ’ਚ ਨਾ ਬੈਠਣ ਵਾਲੇ ਵਿਕਲਪ ਦੀ ਚੋਣ ਕਰਨ ਵਾਲੇ ਉਮੀਦਵਾਰ ਨੇ ਜੇਕਰ ਆਪਣੀ ਅਰਜ਼ੀ ਨਾਲ ਆਪਣੇ ਪਰਿਵਾਰਕ ਮੈਂਬਰਾਂ ਲਈ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵੱਲੋਂ ਜਾਰੀ ਸਰਟੀਫਿਕੇਟ ਨਾਲ ਨੱਥੀ ਕੀਤਾ ਹੈ ਤਾਂ ਉਸ ਨੂੰ ਆਰਟੀ-ਪੀਸੀਆਰ ਟੈਸਟ ਦੀ ਰਿਪੋਰਟ ਪੇਸ਼ ਕਰਨ ਦੀ ਕੋਈ ਲੋੜ ਨਹੀਂ ਹੈ। ਬੈਂਚ ਨੇ ਕਿਹਾ ਕਿ ਇਸ ਨੂੰ (ਪ੍ਰੀਖਿਆ ਦੇਣ) ਦੇ ਮੌਕੇ ਵਜੋਂ ਨਾ ਵਿਚਾਰਿਆ ਜਾਵੇ। ਅਜਿਹੇ ਉਮੀਦਵਾਰਾਂ ਨੂੰ ਅਗਲੀ ਪ੍ਰੀਖਿਆ ਵਿੱਚ ਦੋਵੇਂ ਪੁਰਾਣੇ ਤੇ ਨਵੇਂ ਸਿਲੇਬਸ ਨਾਲ ਬੈਠਣ ਦੀ ਖੁੱਲ੍ਹ ਹੋਵੇਗੀ। -ਪੀਟੀਆਈ