ਥਾਨੇ, 5 ਫਰਵਰੀ
ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਵਿੱਚ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਪਾਬੰਦੀਸ਼ੁਦਾ ਖੰਘ ਦੀ ਦਵਾਈ ਦੀਆਂ 108 ਬੋਤਲਾਂ ਬਰਾਮਦ ਕੀਤੀਆਂ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਮੁਖਬਰੀ ਦੇ ਆਧਾਰ ‘ਤੇ ਜਦੋਂ ਮੁੰਬਰਾ ਇਲਾਕੇ ਵਿੱਚ 2 ਫਰਵਰੀ ਨੂੰ ਛਾਪਾ ਮਾਰਿਆ ਤਾਂ ਉੱਥੇ ਮੌਜੂਦ ਤਿੰਨ ਵਿਅਕਤੀਆਂ ਵਿੱਚੋਂ ਦੋ ਜਣੇ ਪੁਲੀਸ ਨੂੰ ਦੇਖ ਕੇ ਭੱਜ ਗਏ ਜਦੋਂ ਕਿ ਇਕ ਫੜਿਆ ਗਿਆ। ਉਸ ਕੋਲੋਂ ਪਾਬੰਦੀਸ਼ੁਦਾ ਦਵਾਈ ਦੀਆਂ 108 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮ ਦੀ ਪਛਾਣ ਅਸ਼ਰਫ ਅਬਦੁਲ ਰਜ਼ਾਕ ਸ਼ੇਖ (21) ਵਾਸੀ ਮੁੰਬਰਾ ਵਜੋਂ ਹੋਈ ਹੈ। ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਕਿਹਾ ਕਿ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਉਨ੍ਹਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। -ਪੀਟੀਆਈ