ਸਿਲਚਰ, 30 ਜੁਲਾਈ
ਅਸਾਮ ਤੇ ਮਿਜ਼ੋਰਮ ਦੀ ਹੱਦ ’ਤੇ ਸਥਿਤੀ ਹਾਲੇ ਵੀ ਤਣਾਅ ਵਾਲੀ ਬਣੀ ਹੋਈ ਹੈ। ਹਾਲਾਂਕਿ ਮੁੜ ਹਿੰਸਾ ਹੋਣ ਦੀ ਕੋਈ ਸੂਚਨਾ ਨਹੀਂ ਹੈ। ਸੀਆਰਪੀਐਫ ਨੇ ਦੋਵਾਂ ਸੂਬਿਆਂ ਵਿਚਾਲੇ ਲੰਘਦੇ ਕੌਮੀ ਮਾਰਗ 306 ਉਤੇ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ। ਅਸਾਮ ਦੀ ਬਰਾਕ ਵਾਦੀ ਦੇ ਅਧਿਕਾਰੀਆਂ ਮੁਤਾਬਕ ਮਿਜ਼ੋਰਮ ਜਾਂਦੇ ਮਾਰਗਾਂ ’ਤੇ ਸੰਗਠਿਤ ਜਾਮ ਹਟਾ ਦਿੱਤਾ ਗਿਆ ਸੀ। ਹੁਣ ਕੋਈ ਵੀ ਗਰੁੱਪ ਅਜਿਹਾ ਸੜਕਾਂ ਉਤੇ ਨਹੀਂ ਹੈ ਜੋ ਟਰੱਕਾਂ ਤੇ ਹੋਰ ਵਾਹਨਾਂ ਨੂੰ ਰੋਕ ਰਿਹਾ ਹੋਵੇ। ਜ਼ਿਕਰਯੋਗ ਹੈ ਕਿ ਸੋਮਵਾਰ ਅਸਾਮ ਤੇ ਮਿਜ਼ੋਰਮ ਪੁਲੀਸ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਬਰਾਕ ਵਾਦੀ ਵਿਚ ਕਈ ਸੰਗਠਨਾਂ ਨੇ ਮਿਜ਼ੋਰਮ ਜਾਂਦੇ ਰਾਹ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਦਾ ਗੁਆਂਢੀ ਸੂਬੇ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ। ਇਸ ਦੇ ਬਾਵਜੂਦ ਜੰਗ ਦਾ ਮੈਦਾਨ ਬਣੇ ਇਲਾਕੇ ਵਿਚੋਂ ਕੋਈ ਟਰੱਕ ਡਰਾਈਵਰ ਗੁਜ਼ਰਨ ਲਈ ਤਿਆਰ ਨਹੀਂ ਹੈ। ਜ਼ਿਆਦਾਤਰ ਟਰੱਕ ਡਰਾਈਵਰਾਂ ਨੇ ਵਾਹਨ ਮਿਜ਼ੋਰਮ ਦੀ ਹੱਦ ਦੇ ਨਾਲ ਢੋਲਈ ਪਿੰਡ ਵਿਚ ਖੜ੍ਹੇ ਕਰ ਦਿੱਤੇ ਹਨ। ਅਸਾਮ ਸਰਕਾਰ ਨੇ ਵੀਰਵਾਰ ਸੂਬੇ ਦੇ ਲੋਕਾਂ ਨੂੰ ਮਿਜ਼ੋਰਮ ਨਾ ਜਾਣ ਦੀ ਸਲਾਹ ਦਿੱਤੀ ਹੈ। ਮਿਜ਼ੋਰਮ ਵਿਚ ਰਹਿ ਰਹੇ ਤੇ ਕੰਮ ਕਰ ਰਹੇ ਅਸਾਮ ਦੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਸਾਵਧਾਨੀ ਵਰਤਣ ਲਈ ਕਿਹਾ ਹੈ।
ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਵਾਂ ਸੂਬਿਆਂ ਦੇ ਝਗੜੇ ਵਿਚ ਦਖ਼ਲ ਦੇ ਕੇ ਸ਼ਾਂਤੀ ਸਮਝੌਤਾ ਕਰਵਾਉਣ ਦਾ ਯਤਨ ਕੀਤਾ ਸੀ ਤੇ ਕੇਂਦਰੀ ਬਲਾਂ ਨੂੰ ਸ਼ਾਂਤੀ ਸਥਾਪਿਤ ਕਰਨ ਦੀ ਇਜਾਜ਼ਤ ਦੇਣ ਲਈ ਕਿਹਾ ਸੀ। ਇਸ ਦੇ ਬਾਵਜੂਦ ਮੁੱਖ ਮੰਤਰੀਆਂ ਦਰਮਿਆਨ ਤਕਰਾਰ ਖੁੱਲ੍ਹ ਕੇ ਸਾਹਮਣੇ ਆਇਆ ਸੀ। ਜ਼ਿਕਰਯੋਗ ਹੈ ਕਿ ਅੰਤਰ-ਰਾਜੀ ਹੱਦ ਨਾਲ ਲੱਗਦੀ ਜ਼ਮੀਨ-ਖੇਤਰ ਬਾਰੇ ਲੰਮੇ ਸਮੇਂ ਤੋਂ ਵਿਵਾਦ ਬਣਿਆ ਹੋਇਆ ਹੈ। -ਪੀਟੀਆਈ
ਬਿਆਨ ਦੇ ਕੇ ‘ਧਮਕਾਉਣ’ ਵਾਲਾ ਮਿਜ਼ੋਰਮ ਦਾ ਸੰਸਦ ਮੈਂਬਰ ਤਲਬ
ਨਵੀਂ ਦਿੱਲੀ: ਅਸਾਮ ਪੁਲੀਸ ਨੇ ਮਿਜ਼ੋਰਮ ਦੇ ਇਕੋ-ਇਕ ਰਾਜ ਸਭਾ ਮੈਂਬਰ ਕੇ. ਵਨਲਾਲਵੇਨਾ ਨੂੰ ‘ਧਮਕਾਉਣ ਵਾਲੀ ਬਿਆਨਬਾਜ਼ੀ’ ਕਰਨ ’ਤੇ ਪਹਿਲੀ ਅਗਸਤ ਨੂੰ ਤਲਬ ਕੀਤਾ ਹੈ। ਪੁਲੀਸ ਨੇ ਸੰਸਦ ਮੈਂਬਰ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਨੋਟਿਸ ਲਾ ਦਿੱਤਾ ਹੈ। ਪੁਲੀਸ ਨੇ ਕਿਹਾ ਹੈ ਕਿ ਇਸ ਬਿਆਨਬਾਜ਼ੀ ਲਈ ਵਨਲਾਲਵੇਨਾ ਖ਼ਿਲਾਫ਼ ‘ਕਾਨੂੰਨੀ ਕਾਰਵਾਈ’ ਕੀਤੀ ਜਾਵੇਗੀ। -ਪੀਟੀਆਈ