ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਫਰਵਰੀ
ਜ਼ਿਲ੍ਹਾ ਲੁਧਿਆਣਾ ਵਿੱਚ ਲਗਾਤਾਰ ਕਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ, ਸ਼ੁੱਕਰਵਾਰ ਨੂੰ ਕਰੋਨਾ ਦੇ ਫਿਰ 99 ਨਵੇਂ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਿਸ ਤੋਂ ਇਲਾਵਾ ਸ਼ਹਿਰ ਵਿੱਚ 6 ਲੋਕਾਂ ਦੀ ਕਰੋਨਾ ਨਾਲ ਜਾਨ ਗਈ ਹੈ। ਜਿਨ੍ਹਾਂ ਵਿੱਚ ਤਿੰਨ ਲੁਧਿਆਣਾ ਤੇ ਤਿੰਨ ਬਾਕੀ ਜ਼ਿਲ੍ਹਿਹਆਂ ਨਾਲ ਸਬੰਧਤ ਹਨ। ਜਿਨ੍ਹਾਂ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਉਨ੍ਹਾਂ ਵਿੱਚ ਚਾਰ ਵਿਦਿਆਰਥੀ, 2 ਅਧਿਆਪਕ, ਪੁਲੀਸ ਮੁਲਾਜ਼ਮ ਤੇ ਹੈਲਥਕੇਅਰ ਵਰਕਰ ਵੀ ਸ਼ਾਮਲ ਹਨ।
ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਜ ਕਰੋਨਾ ਦੇ 99 ਨਵੇਂ ਕੇਸ ਆਏ ਹਨ, ਜਿਨ੍ਹਾਂ ਵਿੱਚ 75 ਲੁਧਿਆਣਾ ਨਾਲ ਸਬੰਧਤ ਤੇ ਬਾਕੀ ਹੋਰਨਾ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ਵਿੱਚ 2 ਵਿਦਿਆਰਥੀ ਬੀਸੀਐੱਮ ਸ਼ਾਸਤਰੀ ਨਗਰ ਸਕੂਲ, 1 ਵਿਦਿਆਰਥੀ ਕਿੰਡਰ ਗਾਰਡਰਨ ਸਕੂਲ ਸਮਰਾਲਾ, ਇੱਕ ਵਿਦਿਆਰਥੀ ਓਸਵਾਲ ਨਰਸਿੰਗ ਕਾਲਜ਼ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 2 ਅਧਿਆਪਕ, ਇੱਕ ਡੀਪੀਐੱਸ ਸਕੂਲ ਤੇ ਇੱਕ ਅਧਿਆਪਕ ਹਲਵਾਰਾ ਸਰਕਾਰੀ ਸਕੂਲ ਨਾਲ ਸਬੰਧਤ ਹਨ। ਸ਼ੁੱਕਰਵਾਰ ਨੂੰ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਛੇ ਕਰੋਨਾ ਮਰੀਜ਼ਾਂ ਦੀ ਮੌਤ ਹੋਈ।
ਪਾਇਲ ਸਕੂਲ ਦੇ ਅਧਿਆਪਕਾਂ ਦਾ ਕਰੋਨਾ ਸੈਂਪਲ ਲਏ
ਪਾਇਲ (ਦੇਵਿੰਦਰ ਸਿੰਘ ਜੱਗੀ): ਸਕੂਲਾਂ ਵਿੱਚ ਕਰੋਨਾ ਦੇ ਵੱਧ ਰਹੇ ਕੇਸਾਂ ਨੂੰ ਮੱਦੇਨਜ਼ਰ ਡਾਕਟਰਾਂ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਾਇਲ ਦੇ ਸਾਰੇ ਅਧਿਆਪਕਾਂ ਦੇ ਕਰੋਨਾ ਟੈਸਟ ਕੀਤੇ ਗਏ। ਸਕੂਲ ਵਿੱਚ ਅਧਿਆਪਕਾਂ ਦੇ ਕੋਵਿਡ-19 ਦੇ ਟੈਸਟ ਕਰਨ ਆਏ ਡਾ. ਅਕਸ਼ੇ ਚੋਪੜਾ, ਡਾ. ਲਖਵੀਰ ਸਿੰਘ, ਡਾ.ਮਨਜੀਤ ਕੌਰ ਅਤੇ ਡਾ. ਜਗਦੀਪ ਕੌਰ ਨੇ ਦੱਸਿਆ ਕਿ ਕੋਵਿਡ19 ਦੇ ਕੇਸਾਂ ਦੇ ਵਧਣ ਨੂੰ ਰੋਕਣ ਲਈ ਆਪਸੀ ਦੂਰੀ ਬਣਾ ਕੇ ਰੱਖਣਾ, ਸੈਨੇਟਾਈਜ਼ਰ ਜਾਂ ਸਾਬਣ ਨਾਲ ਹੱਥ ਧੋਣੇ, ਮਾਸਕ ਦੀ ਵਰਤੋਂ ਲਾਜ਼ਮੀ ਕਰਨੀ ਹੈ।