ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਫਰਵਰੀ
ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਸ਼ਹਿਰ ਵਿਚ ਦੋ ਸਾਲ ਪਹਿਲਾਂ ‘ਅਜੀਤ ਕਤਲ ਕਾਂਡ’ ਕੇਸ ਦੇ ਅੱਜ ਆਏ ਅਦਾਲਤੀ ਫੈਸਲੇ ਦੌਰਾਨ ਕਤਲ ਕੀਤੇ ਗਏ ਇੱਕ ਸਾਲਾਂ ਦੇ ਬੱਚੇ ਦੀ ਮਾਂ ਅਤੇ ਉਸ ਦੇ ਕਥਿਤ ਪ੍ਰੇਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਸੰਜੇ ਕੁਮਾਰ ਸੱੱਚਦੇਵਾ ਦੀ ਅਦਾਲਤ ਵੱਲੋਂ ਸੁਣਾਇਆ ਗਿਆ ਹੈ। ਕੇਸ ਫਾਈਲ ਅਨੁਸਾਰ ਹਿਮਾਚਲ ਵਾਸੀ ਮੁਨੀਸ਼ਾ ਆਪਣੇ ਕਥਿਤ ਪ੍ਰੇਮੀ ਹਰਵਿੰਦਰ ਸਿੰੰਘ ਕਰਕੇ ਪਤੀ ਨੂੰ ਛੱਡ ਕੇ ਪਾਤੜਾਂ ਆ ਗਈ ਸੀ। ਇਸ ਦੌਰਾਨ ਉਹ ਆਪਣੇ ਇੱਕ ਸਾਲਾ ਪੁੱਤ ਅਜੀਤ ਨੂੰ ਵੀ ਨਾਲ ਲੈ ਆਈ ਸੀ। ਇਥੇ ਹਫਤੇ ਮਗਰੋਂ ਹੀ ਇਨ੍ਹਾਂ ਦੋਵਾਂ ਨੇ ਗ਼ਲਾ ਘੁੱਟ ਕੇ ਅਜੀਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਉਸ ਦੀ ਲਾਸ਼ ਭਾਖੜਾ ਨਹਿਰ ਵਿਚ ਸੁੱਟ ਦਿੱਤੀ ਸੀ। ਇਹ ਮਾਮਲਾ ਅਜੀਤ ਕਤਲ ਕਾਂਡ ਵਜੋਂ ਚਰਚਿਤ ਹੋਇਆ ਸੀ। ਥਾਣਾ ਪਾਤੜਾਂ ਦੇ ਐੱਸ.ਐੱਚ.ਓ. ਵਜੋਂ ਕਾਰਜਸ਼ੀਲ ਇੰਸਪੈਕਟਰ ਰਣਬੀਰ ਸਿੰਘ ਇਸ ਕੇਸ ਦੇ ਤਫ਼ਤੀਸ਼ੀ ਅਫਸਰ ਸਨ। ਹੁਣ ਥਾਣਾ ਸਮਾਣਾ ਵਿਚ ਤਾਇਨਾਤ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਕਾਤਲਾਂ ਨੂੰ ਸਜ਼ਾ ਯਕੀਨੀ ਬਣਾਉਣ ਲਈ ਸਬੂਤ ਇਕੱਠੇ ਕਰਨ ਸਮੇਤ ਅਦਾਲਤ ’ਚ ਗਵਾਹ ਭੁਗਤਾਏ ਗਏ। ਇਸ ਦੇ ਚੱਲਦਿਆਂ ਹੀ ਅੱਜ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਦੇ ਉਸ ਡਾਕਟਰ ਦੇ ਬਿਆਨ ਵੀ ਕਰਵਾਏ ਗਏ ਜਿਥੇ ਬੱਚੇ ਦਾ ਜਨਮ ਹੋਇਆ ਸੀ। ਬੱਚੇ ਨੂੰ ਨਹਿਰ ਵਿਚ ਸੁੱਟੇ ਜਾਣ ਦੇ ਚਸ਼ਮਦੀਦ ਗਵਾਹ ਅਤੇ ਬੱਚੇ ਦੇ ਪਿਤਾ ਦੇ ਵੀ ਅਦਾਲਤ ਵਿਚ ਬਿਆਨ ਕਰਵਾਏ ਗਏ।