ਹਾਥਰਸ/ਨਵੀਂ ਦਿੱਲੀ, 17 ਅਕਤੂਬਰ
ਹਾਥਰਸ ਦੀ ਜਬਰ-ਜਨਾਹ ਪੀੜਤਾ ਦਾ ਪਰਿਵਾਰ ਸੁਰੱਖਿਆ ਕਾਰਨਾਂ ਕਰ ਕੇ ਯੂਪੀ ਵਿਚਲੇ ਆਪਣੇ ਪਿੰਡ ਤੋਂ ਦਿੱਲੀ ਆਉਣਾ ਚਾਹੁੰਦਾ ਹੈ। ਪਰਿਵਾਰ ਉੱਥੇ ਰਹਿ ਕੇ ਕੇਸ ਲੜਨਾ ਚਾਹੁੰਦਾ ਹੈ। ਜਬਰ-ਜਨਾਹ ਮਗਰੋਂ ਕਤਲ ਕੀਤੀ ਗਈ 19 ਸਾਲਾ ਦਲਿਤ ਲੜਕੀ ਦੇ ਭਰਾ ਨੇ ਮੀਡੀਆ ਨੂੰ ਦੱਸਿਆ ਕਿ ਪਰਿਵਾਰ ਦਿੱਲੀ ਜਾ ਕੇ ਇਨਸਾਫ਼ ਲਈ ਲੜਨਾ ਚਾਹੁੰਦਾ ਹੈ। ਪਰਿਵਾਰ ਦੀ ਵਕੀਲ ਸੀਮਾ ਕੁਸ਼ਵਾਹਾ ਨੇ ਵੀ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਕਿਹਾ ਸੀ ਕਿ ਉਹ ਕੇਸ ਯੂਪੀ ਤੋਂ ਬਾਹਰ ਤਬਦੀਲ ਕਰਵਾਉਣਾ ਚਾਹੁੰਦੇ ਹਨ। ਇਸੇ ਦੌਰਾਨ ‘ਆਪ’ ਆਗੂ ਸੰਜੈ ਸਿੰਘ ਨੇ ਕਿਹਾ ਹੈ ਕਿ ਉਹ ਹਾਥਰਸ ਦੀ ਜਬਰ-ਜਨਾਹ ਪੀੜਤਾ ਦੇ ਪਰਿਵਾਰ ਨੂੰ ਦਿੱਲੀ ਸਥਿਤ ਆਪਣੀ ਰਿਹਾਇਸ਼ ’ਤੇ ਲਿਆਉਣ ਲਈ ਤਿਆਰ ਹਨ। ‘ਆਪ’ ਆਗੂ ਨੇ ਕਿਹਾ ਕਿ ਪਰਿਵਾਰ ਨੂੰ ਆਦਿੱਤਿਆਨਾਥ ਸਰਕਾਰ ਦੇ ਭੈਅ ਵਿਚ ਜਿਊਣ ਦੀ ਕੋਈ ਲੋੜ ਨਹੀਂ ਹੈ। -ਪੀਟੀਆਈ