ਪੱਤਰ ਪ੍ਰੇਰਕ
ਮੁਕੇਰੀਆਂ, 31 ਜੁਲਾਈ
ਕਰੀਬ 4 ਦਿਨ ਪਹਿਲਾਂ ਪਏ ਭਾਰੀ ਮੀਂਹ ਕਾਰਨ ਖਾਲਸਾ ਸਕੂਲ ਨੇੜੇ ਨਹਿਰ ਕਾਲੋਨੀ ਦੇ ਲਾਂਘੇ ਅਤੇ ਸ਼ਾਹ ਨਹਿਰ ਦਫ਼ਤਰ ਦੀ ਛੱਤ ’ਤੇ ਡਿੱਗੇ ਭਾਰੀ ਸਫੈਦੇ ਤੋਂ ਨਗਰ ਕੌਂਸਲ ਅਧਿਕਾਰੀ ਅਣਜਾਣ ਬਣੇ ਹੋਏ ਹਨ। ਸਫੈਦਾ ਡਿੱਗਣ ਕਾਰਨ ਨਹਿਰ ਕਾਲੋਨੀ ਤੇ ਮੁਕੇਰੀਆਂ ਦੇ ਡੀਐੱਸਪੀ ਦਫ਼ਤਰ ਨੂੰ ਜਾਂਦਾ ਲਾਂਘਾ ਬੰਦ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਡੀਐੱਸਪੀ ਨੂੰ ਵੀ ਆਪਣੇ ਦਫ਼ਤਰ ਪੁੱਜਣ ਲਈ ਬਦਲਵੇਂ ਰਸਤਿਓਂ ਆਉਣਾ ਪੈ ਰਿਹਾ ਹੈ। ਨਹਿਰ ਕਲੋਨੀ ਦੇ ਵਸਨੀਕਾਂ ਜਸਪਾਲ ਸਿੰਘ, ਸੱਤਪਾਲ ਸਿੰਘ, ਅਸ਼ਵਨੀ ਕੁਮਾਰ ਨੇ ਦੱਸਿਆ ਕਿ ਕਰੀਬ 4 ਦਿਨ ਪਹਿਲਾਂ ਖਾਲਸਾ ਸਕੂਲ ਕੋਲ ਸੜਕ ਕਿਨਾਰੇ ਖੜ੍ਹਾ ਸਫੈਦਾ ਨਹਿਰ ਕਾਲੋਨੀ ਦੇ ਦਫ਼ਤਰਾਂ ’ਤੇ ਆਣ ਡਿੱਗਾ ਸੀ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਕਰਮਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਮੀਂਹ ਦੌਰਾਨ ਡਿੱਗੇ ਦਰੱਖਤ ਜੰਗਲਾਤ ਵਿਭਾਗ ਅਧੀਨ ਆਉਂਦੇ ਹੋਣ ਕਾਰਨ ਇਨ੍ਹਾਂ ਨੂੰ ਹਟਾਉਣ ਦੀ ਜ਼ਿੰਮੇਵਾਰੀ ਜੰਗਲਾਤ ਵਿਭਾਗ ਦੀ ਬਣਦੀ ਸੀ ਪਰ ਜੇਕਰ ਨਹੀਂ ਹਟਾਇਆ ਗਿਆ ਤਾਂ ਅੱਜ ਹੀ ਮੁਲਾਜ਼ਮ ਭੇਜ ਕੇ ਲਾਂਘਾ ਖੁੱਲ੍ਹਵਾਉਣ ਦੇ ਯਤਨ ਕੀਤੇ ਜਾਣਗੇ।