ਪਠਾਨਕੋਟ: ਗਲੀ ਦੇ ਦੋਨਾਂ ਸਾਈਡਾਂ ’ਤੇ ਦੋ ਪਾਰਟੀਆਂ ਦੇ ਵੱਖ-ਵੱਖ ਕੌਂਸਲਰ ਹੋਣ ਕਾਰਨ ਉਨ੍ਹਾਂ ਦੀ ਰਾਜਸੀ ਰੰਜਿਸ਼ ਦਾ ਖਾਮਿਆਜਾ ਵਿਸ਼ਣੂ ਨਗਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਗਲੀ ਅਤੇ ਨਾਲੀ ਦੀ ਹਾਲਤ ਮੰਦੀ ਹੈ ਤੇ ਦੋਹੇਂ ਹੀ ਇੱਕ-ਦੂਸਰੇ ਨੂੰ ਨੀਵਾਂ ਦਿਖਾਉਣ ਲਈ ਗਲੀ, ਨਾਲੀ ਨੂੰ ਬਣਵਾ ਨਹੀਂ ਰਹੇ। ਇਸ ਸਬੰਧੀ ਵਿਸ਼ਣੂ ਨਗਰ ਦੇ ਵਾਸੀਆਂ ਨੇ ਦੋਨੋਂ ਹੀ ਕੌਂਸਲਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਸੰਤੋਖ ਰਾਜ, ਜਗਨਨਾਥ, ਪੱਪਾ ਪ੍ਰਧਾਨ, ਮਹਿੰਦਰ ਸਿੰਘ, ਰਾਣੀ ਦੇਵੀ, ਬੱਬੀ ਰਾਧਾ, ਪਾਰਸ ਆਦਿ ਨੇ ਦੱਸਿਆ ਕਿ ਵਿਸ਼ਣੂ ਨਗਰ ਲਮੀਨੀ ਵਿੱਚ ਵਾਰਡ ਨੰਬਰ-9 ਅਤੇ ਵਾਰਡ ਨੰਬਰ-7 ਪੈਂਦੇ ਹਨ, ਇੱਕ ਪਾਸੇ ਮੌਜੂਦਾ ਕਾਂਗਰਸ ਸਰਕਾਰ ਦਾ ਕੌਂਸਲਰ ਹੈ ਅਤੇ ਦੂਸਰੇ ਪਾਸੇ ਭਾਜਪਾ ਦਾ ਕੌਂਸਲਰ ਹੈ ਜਦਕਿ ਨਗਰ ਨਿਗਮ ਵਿੱਚ ਮੇਅਰ ਕਾਂਗਰਸ ਦਾ ਹੈ। ਇਨ੍ਹਾਂ ਦੋਹਾਂ ਦੇ ਟਕਰਾਅ ਦਾ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ। ਕਈ ਵਾਰ ਦੋਹਾਂ ਕੌਂਸਲਰਾਂ ਨੂੰ ਕਿਹਾ ਵੀ ਗਿਆ ਹੈ ਪਰ ਹੁਣ ਤੱਕ ਕਿਸੇ ਨੇ ਵੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ। -ਪੱਤਰ ਪ੍ਰੇਰਕ