ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਜੁਲਾਈ
ਵੱਖ-ਵੱਖ ਇਲਾਕਿਆਂ ਵਿੱਚ ਤਿੰਨ ਬੱਚਿਆਂ ਸਮੇਤ ਇੱਕ ਵਿਆਹੁਤਾ ਅਤੇ ਤਿੰਨ ਹੋਰ ਲੜਕੀਆਂ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਕਮਲ ਕ੍ਰਿਸ਼ਨ ਵਾਸੀ ਗੋਬਿੰਦ ਨਗਰ ਨਿਊ ਸ਼ਿਮਲਾਪੁਰੀ ਨੇ ਦੱਸਿਆ ਕਿ ਉਸਦੀ ਨੂੰਹ ਜੋਤੀ ਸ਼ਰਮਾ (35) ਆਪਣੀ ਲੜਕੀ ਦਿਵਿਆ ਸ਼ਰਮਾ (16), ਲੜਕੇ ਪਿਯੂਸ਼ ਸ਼ਰਮਾ (11) ਅਤੇ ਕਰਨ ਸ਼ਰਮਾ (10) ਨੂੰ ਘਰੋਂ ਸਕੂਲ ਛੱਡਣ ਗਈ ਸੀ ਪਰ ਉਹ ਬੱਚਿਆਂ ਸਮੇਤ ਲਾਪਤਾ ਹੋ ਗਈ ਹੈ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਹੈ ਕਿ ਉਸਦੀ ਨੂੰਹ ਅਤੇ ਬੱਚਿਆਂ ਨੂੰ ਕੋਈ ਵਿਅਕਤੀ ਨਿੱਜੀ ਸਵਾਰਥ ਲਈ ਕਿਧਰੇ ਲੈ ਗਿਆ ਹੈ। ਇਸੇ ਤਰ੍ਹਾਂ ਥਾਣਾ ਜੋਧੇਵਾਲ ਬਸਤੀ ਦੀ ਪੁਲੀਸ ਨੂੰ ਏਕਜੋਤ ਨਗਰ ਫਾਂਬੜਾ ਰੋਡ ਵਾਸੀ ਮੁਹੰਮਦ ਮੁਸਲਿਮ ਲਹਿਰੀ ਨੇ ਦੱਸਿਆ ਕਿ ਉਸਦੀ ਪੰਦਰਾਂ ਸਾਲਾ ਲੜਕੀ ਘਰੋਂ ਦੱਸੇ ਬਿਨਾਂ ਕਿਧਰੇ ਚਲੀ ਗਈ ਹੈ। ਭਾਲ ਦੌਰਾਨ ਪਤਾ ਲੱਗਾ ਕਿ ਮੁਹਾਜ ਸ਼ਾਹ ਵਾਸੀ ਸੋਨਬਸਾਹਾ (ਬਿਹਾਰ) ਵਿਆਹ ਕਰਵਾਉਣ ਦੀ ਨੀਅਤ ਨਾਲ ਉਸ ਨੂੰ ਵਰਗਲਾ ਕੇ ਲੈ ਗਿਆ ਹੈ।
ਇੱਕ ਹੋਰ ਮਾਮਲੇ ਵਿੱਚ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਹਰੀ ਨਗਰ ਮੂੰਡੀਆਂ ਕਲਾਂ ਵਾਸੀ ਰਾਜਨ ਸ਼ਾਹ ਨੇ ਦੱਸਿਆ ਕਿ ਉਸਦੀ ਭੈਣ ਘਰ ਕੁਝ ਦੱਸੇ ਬਿਨਾਂ ਕਿਧਰੇ ਚਲੀ ਗਈ ਹੈ।
ਇੱਕ ਹੋਰ ਮਾਮਲੇ ਵਿੱਚ ਥਾਣਾ ਮਿਹਰਬਾਨ ਦੀ ਪੁਲੀਸ ਨੂੰ ਉੱਤਮ ਕਲੋਨੀ ਵਾਸੀ ਘਨੱਈਆ ਨੇ ਦੱਸਿਆ ਕਿ ਉਸਦੀ ਲੜਕੀ ਲੱਛਮੀ (18) ਘਰ ਕੁਝ ਦੱਸੇ ਬਿਨਾਂ ਕਿਧਰੇ ਚਲੀ ਗਈ ਹੈ। ਪੁਲੀਸ ਵੱਲੋਂ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।