ਮੁੰਬਈ: ਨਿਰਦੇਸ਼ਕ ਸ਼ਸ਼ਾਂਕ ਖੇਤਾਨ ਦੀ ਆਉਣ ਵਾਲੀ ਫਿਲਮ ‘ਸਕ੍ਰਿਊ ਢੀਲਾ’ ਵਿੱਚ ਅਦਾਕਾਰ ਟਾਈਗਰ ਸ਼ਰੌਫ ਮੁੱਖ ਭੂਮਿਕਾ ’ਚ ਨਜ਼ਰ ਆਵੇਗਾ। ਇਸ ਸਬੰਧੀ ਐਲਾਨ ਅੱਜ ਫਿਲਮ ਦੇ ਨਿਰਮਾਤਾਵਾਂ ਨੇ ਕੀਤਾ। ਇਹ ਫਿਲਮ ਕਰਨ ਜੌਹਰ ਦੀ ਕੰਪਨੀ ਧਰਮਾ ਪ੍ਰੋਡਕਸ਼ਨ ਤੇ ਖੇਤਾਨ ਦੀ ਮੈਂਟਰ ਡਿਸਾਈਪਲ ਫਿਲਮਜ਼ ਵੱਲੋਂ ਬਣਾਈ ਗਈ ਹੈ। ਕਰਨ ਜੌਹਰ ਨੇ ਟਵਿੱਟਰ ’ਤੇ ਤਿੰਨ ਮਿੰਟ ਦਾ ਟੀਜ਼ਰ ਜਾਰੀ ਕਰਦਿਆਂ ਫਿਲਮ ਦਾ ਐਲਾਨ ਕੀਤਾ ਹੈ। ਫਿਲਮ ਨਿਰਮਾਤਾ ਨੇ ਟਵੀਟ ਕਰ ਕੇ ਕਿਹਾ, ‘‘ਅਸੀਂ ਮਨੋਰੰਜਨ ਦੀ ਇਕ ਜ਼ਬਰਦਸਤ ਫਿਲਮ ਨਾਲ ਆ ਰਹੇ ਹਾਂ। ਟਾਈਗਰ ਸ਼ਰੌਫ ਨੂੰ #ਸਕ੍ਰਿਊ ਢੀਲਾ ਵਿੱਚ ਪੇਸ਼ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਸ ਫਿਲਮ ਨੂੰ ਸ਼ਸ਼ਾਂਕ ਖੇਤਾਨ ਨੇ ਨਿਰਦੇਸ਼ਿਤ ਕੀਤਾ ਹੈ।’’ ਜ਼ਿਕਰਯੋਗ ਹੈ ਕਿ ‘ਹੰਪਟੀ ਸ਼ਰਮਾ ਕੀ ਦੁਲਹਨੀਆ’, ‘ਬਦਰੀਨਾਥ ਕੀ ਦੁਲਹਨੀਆ’ ਤੇ ‘ਧੜਕ’ ਦੇ ਨਿਰਦੇਸ਼ਕ ਖੇਤਾਨ ਨਾਲ ਟਾਈਗਰ ਸ਼ਰੌਫ ਦੀ ਇਹ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਉਹ ‘ਹੀਰੋਪੰਤੀ 2’ ਵਿੱਚ ਨਜ਼ਰ ਆਇਆ ਸੀ ਅਤੇ ਅੱਗੇ ਇਸੇ ਸਾਲ ਫਿਲਮ ‘ਗਣਪਤ’ ਵਿੱਚ ਵੀ ਦਿਖਾਈ ਦੇਵੇਗਾ। -ਪੀਟੀਆਈ