ਜੀਤੇ ਨੇ ਇਕ ਰੋਮਾਂਟਿਕ ਗਾਣੇ ਦੀਆਂ ਦੋ ਕੁ ਸਤਰਾਂ ਗਾ ਕੇ ਰਿਕਾਰਡ ਕੀਤੀਆਂ। ਫਿਰ ਸੁਣੀਆਂ। ਉਸ ਨੇ ਆਪਣੇ ਦੋਸਤ ਮੁੰਡੇ ਕੁੜੀਆਂ ਨੂੰ ਭੇਜ ਦਿੱਤਾ। ਜਿਹੜੇ ਦੋਸਤ ਉਸ ਦੀਆਂ ਵੀਡੀਓ ਦੇਖ ਕੇ ਉਸ ਦੀ ਹੌਂਸਲਾ ਅਫ਼ਜ਼ਾਈ ਕਰਦੇ ਸਨ, ਉਨ੍ਹਾਂ ਵਿਚੋਂ ਕਿਸੇ ਦਾ ਕੋਈ ਕੁਮੈਂਟ ਨਾ ਆਇਆ। ਭੇਜੀ ਵੀਡੀਓ ’ਤੇ ਨੀਲੇ ਰੰਗ ਦੇ ਦੋ ਸਹੀ ਦੇ ਨਿਸ਼ਾਨ ਲੱਗ ਚੁੱਕੇ ਸਨ। ਉਹ ਵਾਰ ਵਾਰ ਖੋਲ੍ਹ ਕੇ ਦੇਖਦਾ। ਅਖੀਰ ਇਕ ਦੋਸਤ ਦਾ ਜਵਾਬ ਆਇਆ: ‘ਜਦੋਂ ਵੀ ਰੋਟੀ ਦੀ ਬੁਰਕੀ ਤੋੜ ਕੇ ਮੂੰਹ ਵਿਚ ਪਾਉਣ ਲੱਗਦੇ ਹਾਂ ਤਾਂ ਅੱਖਾਂ ਭਰ ਆਉਂਦੀਆਂ ਨੇ। ਮਨ ਇਹ ਆਉਂਦਾ ਹੈ ਕਿ ਜਿਹੜਾ ਅੰਨਦਾਤਾ ਸਭ ਦੇ ਮੂੰਹ ਚੋਗਾ ਪਾਉਣ ਲਈ ਹੱਡ ਭੰਨਵੀਂ ਮਿਹਨਤ ਕਰਦੈ, ਉਹ ਕਿਵੇਂ ਸੜਕਾਂ ’ਤੇ ਰੁਲ ਰਿਹਾ ਹੈ। ਇਸ ਲਈ ਇਹੋ ਜਿਹੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਕਿਸੇ ਨੂੰ ਹੁਣ।’ ਜੀਤੇ ਦਾ ਸਾਰਾ ਚਾਅ ਉਤਰ ਗਿਆ। ਉਸ ਨੂੰ ਸ਼ਰਮ ਆ ਰਹੀ ਸੀ ਕਿ ਪੰਜਾਬ ਦਾ ਪੁੱਤ ਹੋ ਕੇ ਇਸ ਤਰ੍ਹਾਂ ਦੇ ਮਾਹੌਲ ਵਿਚ, ਜਦੋਂ ਪੂੰਜੀਪਤੀ ਲੁਟੇਰੇ ਸਾਡੇ ਖੇਤਾਂ ਨੂੰ ਹਥਿਆਉਣ ਲੱਗ ਪਏ ਨੇ, ਉਸ ਤੋਂ ਇਹ ਗ਼ਲਤੀ ਕਿਵੇਂ ਹੋ ਗਈ? ਉਸ ਦਾ ਵੀ ਕੋਈ ਫ਼ਰਜ਼ ਬਣਦਾ ਹੈ। ਅਗਲੇ ਦਿਨ ਜੀਤਾ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ ਚੁੱਕਣ ਲਈ ਸਭ ਤੋਂ ਅੱਗੇ ਸੀ।
– ਅੰਮ੍ਰਿਤ ਕੌਰ
* * *
ਡਰ
ਰਾਮ ਸਿੰਘ ਦੇ ਘਰ ਦੇ ਸਾਹਮਣੇ ਇਕ ਪਲਾਟ ਸੀ। ਬਹੁਤ ਰੋਕ ਟੋਕ ਤੋਂ ਬਾਅਦ ਵੀ ਮੁਹੱਲੇ ਵਾਲੇ ਆਪਣਾ ਕੂੜਾ ਕਰਕਟ ਸੁੱਟਣੋਂ ਨਹੀਂ ਸੀ ਹਟਦੇ। ਪਲਾਟ ਦੇ ਮਾਲਕ ਦੀਆਂ ਬਹੁਤ ਮਿੰਨਤਾਂ ਕਰਨ ਤੋਂ ਬਾਅਦ ਵੀ ਉਸ ਦੀ ਕੰਧ ਵਗਲੀ ਨਹੀਂ ਸੀ ਗਈ।
ਇਕ ਦਿਨ ਰਾਮ ਸਿੰਘ ਨੇ ਆਪ ਹੀ ਕਹੀ ਚੁੱਕੀ ਅਤੇ ਸਾਰਾ ਦਿਨ ਸਫ਼ਾਈ ਕਰਦਾ ਰਿਹਾ। ਦੂਜੇ ਦਿਨ ਕੁਝ ਮੁਹੱਲੇ ਵਾਲੇ ਵੀ ਸਫ਼ਾਈ ਕਰਨ ਲੱਗ ਪਏ। ਪਲਾਟ ਸਾਫ਼ ਕਰਕੇ ਉਸ ਵਿਚ ਬੱਚਿਆਂ ਦੇ ਖੇਡਣ ਲਈ ਬੈਡਮਿੰਟਨ ਦਾ ਗਰਾਊਂਡ ਬਣਾ ਕੇ ਜਾਲ ਲਗਾ ਦਿੱਤਾ। ਮੁਹੱਲੇ ਵਾਲਿਆਂ ਦਾ ਬੱਚਿਆਂ ਪ੍ਰਤੀ ਫ਼ਿਕਰ ਦੂਰ ਹੋ ਗਿਆ ਕਿਉਂਕਿ ਹੁਣ ਬੱਚੇ ਨਾਲੇ ਮੋਬਾਈਲ ਫੋਨ ਤੋਂ ਦੂਰ ਰਹਿਣ ਲੱਗੇ ਤੇ ਖੇਡਣ ਲੱਗ ਪਏ। ਮੁਹੱਲਾ ਵਾਸੀ ਰਾਮ ਸਿੰਘ ਦੀ ਇਸ ਕੋਸ਼ਿਸ਼ ਤੋਂ ਬਹੁਤ ਖ਼ੁਸ਼ ਹੋਏ। ਰਾਮ ਸਿੰਘ ਦਾ ਵੀ ਡਰ ਨਿਕਲ ਗਿਆ ਕਿ ਬੱਚਿਆਂ ਨੂੰ ਹੁਣ ਪਲਾਟ ਵਿਚਲੀ ਗੰਦਗੀ ਬਿਮਾਰ ਨਹੀਂ ਕਰੇਗੀ।
ਇਹ ਕੰਮ ਕੁਝ ਦਿਨ ਹੀ ਚੱਲਿਆ। ਇਕ ਦਿਨ ਪਲਾਟ ਦਾ ਮਾਲਕ ਪਲਾਟ ਦੱਬੇ ਜਾਣ ਦੇ ਡਰੋਂ ਆ ਗਿਆ। ਮੁਹੱਲੇ ਵਾਸੀਆਂ ਨੂੰ ਗਾਲ੍ਹਾਂ ਕੱਢਦੇ ਨੇ ਅੱਧੇ ਦਿਨ ਵਿਚ ਪਲਾਟ ਨੂੰ ਉੱਚੀ-ਉੱਚੀ ਕੰਧ ਕਰਵਾਈ ਅਤੇ ਚਲਾ ਗਿਆ।
– ਸੁਖਦੀਪ ਸਿੰਘ ਗਿੱਲ
ਸੰਪਰਕ: 94174-51887
* * *
ਗ਼ਰੀਬ
‘‘ਬੇਬੇ… ਬੇਬੇ! ਜਿਨ੍ਹਾਂ ਦੇ ਘਰ ਭੂਆ ਦਾ ਵਿਆਹ ਹੋਣ ਲੱਗਾ, ਉਹ ਬਹੁਤ ਗ਼ਰੀਬ ਨੇ?’’ ਪੋਤੀ ਨੇ ਵਿਆਹ ਲਈ ਲਿਆਂਦਾ ਸਾਮਾਨ ਵੇਖਦਿਆਂ ਦਾਦੀ ਨੂੰ ਪੁੱਛਿਆ। ‘‘ਨਹੀਂ ਪੁੱਤ, ਤੂੰ ਕਿਉਂ ਪੁੱਛਿਆ?’’ ਦਾਦੀ ਨੇ ਹੜਬੜਾਹਟ ਵਿਚ ਪੋਤੀ ਵੱਲ ਵੇਖਿਆ।
‘‘ਬੈੱਡ, ਬਿਸਤਰੇ, ਕੱਪੜੇ, ਭਾਂਡੇ, ਸੋਫੇ ਸਭ ਕੁਝ ਤਾਂ ਆਪਾਂ ਦੇ ਰਹੇ ਹਾਂ। ਜੇ ਨਹੀਂ ਹੋਣਾ ਤਾਂ ਹੀ…’’ ਪੋਤੀ ਨੇ ਸਾਮਾਨ ਵੱਲ ਨਿਗ੍ਹਾ ਮਾਰਦਿਆਂ ਕਿਹਾ। ਕੁਝ ਦੇਰ ਪਹਿਲਾਂ ਸ਼ਰੀਕਣਾਂ ਕੋਲ ਕੁੜਮਾਂ ਦੀਆਂ ਸਿਫ਼ਤਾਂ ਕਰ ਰਹੀ ਦਾਦੀ ਕੋਲ ਬੱਚੀ ਦੇ ਸਵਾਲ ਦਾ ਕੋਈ ਜਵਾਬ ਨਹੀਂ ਸੀ।
– ਗੁਰਮੀਤ ਸਿੰਘ ਮਰਾੜ੍ਹ
* * *
ਸੋਚ ਆਪੋ ਆਪਣੀ
ਇਕ ਦਿਨ ਮੈਂ ਆਪਣੇ ਸ਼ਹਿਰ ਦੀ ਕਲੋਨੀ ’ਚੋਂ ਲੰਘ ਰਿਹਾ ਸੀ। ਇਕ ਸਕੂਟਰ ’ਤੇ ਨੌਜਵਾਨ ਮੁੰਡਾ ਜਾ ਰਿਹਾ ਸੀ। ਉਸ ਤੋਂ ਥੋੜ੍ਹਾ ਜਿਹਾ ਪਿੱਛੇ ਇਕ ਮੋਟਰਸਾਈਕਲ ’ਤੇ ਇਕ ਆਦਮੀ ਜਾ ਰਿਹਾ ਸੀ। ਉਹ ਮੋਟਰਸਾਈਕਲ ਦੀ ਰਫ਼ਤਾਰ ਵਧਾ ਕੇ ਉਸ ਮੁੰਡੇ ਦੇ ਬਰਾਬਰ ਜਾ ਕੇ ਬੋਲਿਆ, ‘‘ਤੈਨੂੰ ਇਹ ਸਕੂਟਰ ਵਫ਼ਾ ਕਰ ਰਿਹਾ ਹੈ? ਤੇਰੇ ਕੋਲ ਇਹ ਠੀਕ ਚੱਲ ਰਿਹਾ ਹੈ?’’ ਇਕਦਮ ਉਹ ਸਾਰੀਆਂ ਗੱਲਾਂ ਕਰ ਗਿਆ। ਉਹ ਮੁੰਡਾ ਕਹਿੰਦਾ, ‘‘ਕਿਉਂ ਜੀ ਕੀ ਹੋਇਆ?’’ ਪੜ੍ਹਿਆ ਲਿਖਿਆ ਜਾਪਦਾ ਉਹ ਆਦਮੀ ਬੋਲਿਆ, ‘‘ਤੇਰੇ ਸਕੂਟਰ ਦੇ ਨੰਬਰਾਂ ਦਾ ਜੋੜ 13 ਬਣਦਾ ਹੈ।’’ ਮੈਂ ਸੋਚ ਰਿਹਾ ਸੀ ਕਿ ਅਸੀਂ ਇੱਕੀਵੀਂ ਸਦੀ ਦੇ ਪੜ੍ਹੇ-ਲਿਖੇ ਅਖਵਾਉਂਦੇ ਲੋਕ ਵੀ ਅਜੇ ਤੱਕ ਆਪਣੀ ਸੋਚ ਨਹੀਂ ਬਦਲ ਸਕੇ।
– ਪਰਵਿੰਦਰ ਸਿੰਘ
ਸੰਪਰਕ: 90569-22590
* * *
ਰਿਸ਼ਤਾ
ਲੌਕਡਾਊਨ ਕਰਕੇ ਮੈਂ ਹਰ ਰੋਜ਼ ਸਵੇਰੇ ਸੈਰ ਕਰਨ ਜਾਂਦਾ। ਸਮਾਂ ਗੁਜ਼ਾਰਨ ਲਈ ਸ਼ਾਇਦ ਇਹ ਹੀ ਇਕੋ ਇਕ ਮਾਧਿਅਮ ਰਹਿ ਗਿਆ ਸੀ। ਰਸਤੇ ਵਿਚ ਮੈਨੂੰ ਹਰ ਰੋਜ਼ ਪੰਜਾਹ ਕੁ ਸਾਲ ਦੀ ਇਕ ਔਰਤ ਆਪਣੇ ਚਿੱਟੇ ਕੁੱਤੇ ਨਾਲ ਮਿਲਦੀ। ਔਰਤ ਮੇਰੇ ਵੱਲ ਤੱਕਦੀ ਅਤੇ ਮੈਂ ਊਸ ਵੱਲ, ਪਰ ਅਸੀਂ ਕਦੇ ਇਕ ਦੂਜੇ ਨੂੰ ਬੁਲਾਇਆ ਨਾ। ਇਹ ਸਿਲਸਿਲਾ ਲਗਾਤਾਰ ਡੇਢ ਕੁ ਮਹੀਨਾ ਚੱਲਿਆ। ਸਮੇਂ ਦੇ ਨਾਲ ਇਹ ਆਦਤ ਜਿਹੀ ਬਣ ਚੁੱਕੀ ਸੀ। ਕਦੇ ਕਦੇ ਮੈਨੂੰ ਸੈਰ ਲਈ ਦੇਰ ਹੋ ਜਾਣੀ ਜਾਂ ਊਸ ਨੇ ਕਿਸੇ ਹੋਰ ਜਗ੍ਹਾ ’ਤੇ ਕੋਲੋਂ ਲੰਘ ਜਾਣਾ, ਮੈਨੂੰ ਲੱਗਦਾ ਜਿਵੇਂ ਕੁੱਤਾ ਵੀ ਆਪਣੀ ਪੂਛ ਹਿਲਾ ਕੇ ਮੈਨੂੰ ਬੁਲਾਉਣ ਅਤੇ ਆਪਣੀ ਖੈਰੀਅਤ ਦੱਸਣ ਦੀ ਕੋਸ਼ਿਸ਼ ਕਰਦਾ ਹੋਵੇ। ਮੈਂ ਸੋਚਦਾ ਕਿ ਜੇਕਰ ਅਸੀਂ ਵਿਦੇਸ਼ ਦੀ ਧਰਤੀ ’ਤੇ ਹੁੰਦੇ ਤਾਂ ਇਕ ਦੂਜੇ ਨੂੰ ਬੁਲਾ ਸਕਦੇ ਸੀ। ਅਚਾਨਕ ਊਸ ਦਾ ਪਿਛਲੇ ਇਕ ਹਫ਼ਤੇ ਤੋਂ ਆਊਣਾ ਬੰਦ ਹੋ ਗਿਆ।
ਮੇਰਾ ਮਨ ਬੇਚੈਨ ਰਹਿਣ ਲੱਗਾ। ਫਿਰ ਸੋਚਦਾ ਕਿ ਮੇਰਾ ਊਸ ਔਰਤ ਨਾਲ ਕਿਹੜਾ ਕੋਈ ਰਿਸ਼ਤਾ ਸੀ, ਮੈਂ ਤਾਂ ਊਸ ਨੂੰ ਕਦੇ ਬੁਲਾਇਆ ਵੀ ਨਹੀਂ ਸੀ। ਫਿਰ ਮਨ ਹੀ ਮਨ ਸੋਚਿਆ ਕਿ ਕਿਧਰੇ ਵਿਚਾਰੀ ਕਰੋਨਾ ਦੀ ਸ਼ਿਕਾਰ ਤਾਂ ਨਹੀਂ ਹੋ ਗਈ। ਖ਼ੈਰ! ਕੀ ਕਹਿੰਦਾ? ਕਿਸ ਨੂੰ ਪੁੱਛਦਾ ਦੱਸਦਾ?
ਅਗਲੇ ਦਿਨ ਸਵੇਰੇ ਊੱਠ ਕੇ ਹਰ ਰੋਜ਼ ਦੀ ਤਰ੍ਹਾਂ ਸੈਰ ਨੂੰ ਚੱਲ ਪਿਆ ਤਾਂ ਦੂਰੋਂ ਊਹੀ ਕੁੱਤਾ ਦਿਸਿਆ, ਪਰ ਇਸ ਨਾਲ ਮਾਲਕ ਇਕ ਅੱਧਖੜ੍ਹ ਊਮਰ ਦਾ ਵਿਅਕਤੀ ਸੀ। ਅੱਜ ਮੈਥੋਂ ਰਿਹਾ ਨਾ ਗਿਆ। ਮੈਂ ਇਕਦਮ ਰੁਕਿਆ ਤੇ ਊਸ ਆਦਮੀ ਨੂੰ ਪੁੱਛਿਆ, ‘‘ਕਈ ਦਿਨਾਂ ਤੋਂ ਮੈਡਮ ਨਹੀਂ ਆਉਂਦੇ, ਕੀ ਗੱਲ ਹੈ?’’ ਊਸ ਨੇ ਕਿਹਾ, ‘‘ਊਹ ਬਿਮਾਰ ਹਨ। ਤੁਸੀਂ ਕਿਉਂ ਪੁੱਛਿਆ ਹੈ? ਤੁਹਾਡਾ ਕੀ ਰਿਸ਼ਤਾ ਹੈ?’’ ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ, ‘‘ਸਾਡੇ ਰਿਸ਼ਤੇ ਦਾ ਨਾਂ ਕਰੋਨਾ ਹੈ। ਇਸੇ ਕਰਕੇ ਫ਼ਿਕਰ ਹੋਈ।’’
– ਕੰਵਰਦੀਪ ਸਿੰਘ ਭੱਲਾ
ਸੰਪਰਕ: 99881-94776
* * *
ਖ਼ੂਬਸੂਰਤ ਸ਼ਾਇਰਾ
ਮਾਰਚ ਦੇ ਦੂਜੇ ਹਫ਼ਤੇ ਦੇ ਪਹਿਲੇ ਦਿਨ ਦਾ ਮੌਸਮ ਬੜਾ ਹੀ ਖ਼ੁਸ਼ਗਵਾਰ ਸੀ। ਨਾ ਬਹੁਤੀ ਸਰਦੀ, ਨਾ ਬਹੁਤੀ ਗਰਮੀ। ਪੱਖਾ ਲਾ ਲਿਆ ਤਾਂ ਲਾ ਲਿਆ, ਨਾ ਲਾਇਆ ਤਾਂ ਨਾ ਲਾਇਆ। ਦੋਵੇਂ ਹੀ ਪੁੱਗਦੇ ਸਨ। ਕਰਨਲ ਜੁਝਾਰ ਸਿੰਘ ਲੰਮੀ ਸੈਰ ਮਗਰੋਂ ਘਰ ਪਰਤਿਆ ਤਾਂ ਕੋਠੀ ਦੇ ਵਰਾਂਡੇ ਵਿਚ ਆਈਆਂ ਪਈਆਂ ਅਖ਼ਬਾਰਾਂ ਸਮੇਟ ਕੇ ਅੰਦਰ ਆਪਣੇ ਡਰਾਇੰਗ ਰੂਮ ਵਿਚ ਆ ਗਿਆ। ਉਸ ਅਖ਼ਬਾਰ ਫੋਲੇ। ਪੰਜਾਬੀ ਸਾਹਿਤ ਨੂੰ ਪ੍ਰਤੀਬੱਧ ਇਸ ਅਖ਼ਬਾਰ ਨੇ ਤਾਂ ਅੱਜ ਕਮਾਲ ਹੀ ਕੀਤੀ ਪਈ ਸੀ। ਕੁਦਰਤੀ ਐਤਵਾਰ ਸੀ ਤੇ ਇਸ ਦਿਨ ਅਖ਼ਬਾਰ ਵਿਚ ਇਕ ਵੱਖਰਾ ਪੰਨਾ ਸਾਹਿਤ ਦੀਆਂ ਹੀ ਵੰਨਗੀਆਂ ਨਾਲ ਭਰਿਆ ਹੁੰਦਾ ਹੈ। ਕਹਾਣੀ, ਮਿੰਨੀ ਕਹਾਣੀ, ਕਵਿਤਾ, ਗ਼ਜ਼ਲ, ਵਿਅੰਗ ਆਦਿ। ਪਰ ਅੱਜ ਸੰਪਾਦਕ ਦੀ ਨਜ਼ਰ ਦਾ ਕਮਾਲ ਦੇਖੋ। ਸਾਹਿਤਕ ਪੰਨੇ ਦੀਆਂ ਸਾਰੀਆਂ ਹੀ ਰਚਨਾਵਾਂ ਮਹਿਲਾ ਸਾਹਿਤਕਾਰਾਂ ਦੀਆਂ ਰਚੀਆਂ ਸਨ ਜੋ ਉਨ੍ਹਾਂ ਦੀਆਂ ਤਸਵੀਰਾਂ ਅਤੇ ਸੰਪਰਕ ਸਮੇਤ ਛਾਪੀਆਂ ਗਈਆਂ ਸਨ। ਸਾਰੇ ਹੀ ਪੰਨੇ ਦੀ ਲੇ-ਆਊਟ ਬਹੁਤ ਖ਼ੂਬਸੂਰਤ ਸੀ। ਰੰਗਦਾਰ ਅਤੇ ਢੁਕਵੀਆਂ ਤਸਵੀਰਾਂ ਸਹਿਤ।
ਕਰਨਲ ਸੈਂਟਰ ਟੇਬਲ ਉਪਰ ਪਈ ਆਪਣੀ ਸੁਨਹਿਰੀ ਐਨਕ ਲਗਾਉਂਦਿਆਂ ਅਖ਼ਬਾਰ ਦੀਆਂ ਸੁਰਖ਼ੀਆਂ ਉੱਤੇ ਐਵੇਂ ਸਰਸਰੀ ਨਜ਼ਰ ਮਾਰ ਕੇ ਆਖ਼ਰ ਸਾਹਿਤਕ ਪੰਨੇ ਉਪਰ ਪੁੱਜ ਗਿਆ ਜਿੱਥੇ ਉਸ ਨੂੰ ਰੂਹ ਦੀ ਖ਼ੁਰਾਕ ਮਿਲਦੀ ਜਾਪਦੀ। ਉਹ ਸਾਹਿਤ ਰਸੀਆ ਹੋਣ ਦੇ ਨਾਲ ਨਾਲ ਮਾੜੀ ਮੋਟੀ ਆਲੋਚਨਾ ਵਿਚ ਵੀ ਪੈਰ ਧਰਦਾ ਸੀ। ਕਰਨਲ ਇਹ ਦੇਖ ਕੇ ਖ਼ੁਸ਼ ਹੋਇਆ ਕਿ ਅੱਜ ਸਾਰੇ ਦਾ ਸਾਰਾ ਸਹਿਤਕ ਪੰਨਾ ਮਹਿਲਾਵਾਂ ਨੂੰ ਹੀ ਸਮਰਪਿਤ ਸੀ। ਮਹਿਲਾ ਦਿਵਸ ਸਦਕਾ। ਆਪਣੀ ਪਤਨੀ ਸ਼ਿੰਦਰ ਕੌਰ ਨੂੰ ਚਾਹ ਦਾ ਹੁਕਮ ਚਾੜ੍ਹਦਿਆਂ ਕਰਨਲ ਨੇ ਕਿਹਾ, ‘‘ਸਿੰਦੀ ਆਪਣੀ ਚਾਹ ਵੀ ਚੁੱਕ ਲਿਆਈਂ, ਇਕੱਠੇ ਹੀ ਪੀਂਦੇ ਹਾਂ ਅੱਜ। ਵੂਮੈਨਜ਼ ਡੇਅ ਹੈ ਨਾਲੇ ਅੱਜ ਮੈਡਮ ਤੁਹਾਡਾ।’’
ਚਾਹ ਬਣਨ ਅਤੇ ਆਉਣ ਵਿਚ ਹਾਲੇ ਕੁਝ ਸਮਾਂ ਲੱਗਣਾ ਸੀ। ਕਰਨਲ ਆਪਣੀ ਐਨਕ ਆਪਣੇ ਨੱਕ ਉੱਤੇ ਸਹੀ ਜਗ੍ਹਾ ਟਿਕਾਉਂਦਿਆਂ ਸਾਹਿਤਕ ਪੰਨੇ ਉਪਰ ਕਵਿਤਾਵਾਂ ਦੇ ਨਾਲ ਛਪੀਆਂ ਕਵਿੱਤਰੀਆਂ ਦੀਆਂ ਤਸਵੀਰਾਂ ਉਪਰ ਨਿਗ੍ਹਾ ਮਾਰਨ ਲੱਗਾ। ਜਿਵੇਂ ਉਸ ਦੀ ਕਵਿਤਾ ਵਿਚ ਘੱਟ ਅਤੇ ਕਵਿੱਤਰੀਆਂ ਦੀਆਂ ਤਸਵੀਰਾਂ ਵਿਚ ਜ਼ਿਆਦਾ ਰੁਚੀ ਹੋਵੇ। ਆਪਣੀ ਜਾਚੇ ਸਭ ਤੋਂ ਹੁਸੀਨ ਸ਼ਾਇਰਾ ਦੀ ਚੋਣ ਉਸ ਨੇ ਕਰ ਲਈ ਸੀ। ਚਿਹਰਾ ਕੁਝ ਸੱਜਰਾ ਸੀ। ਸਟੈਂਪ ਸਾਈਜ਼ ਫੋਟੋ ਸੀ ਸ਼ਾਇਰਾ ਅਵਿਨਾਸ਼ ਕੌਰ ‘ਆਮੀਨ’ ਦੀ। ਉਮਰ ਹੋਵੇਗੀ ਕੋਈ ਤੀਹ-ਪੈਂਤੀ ਵਰ੍ਹੇ। ਗੋਰਾ ਰੰਗ। ਗੋਲ ਚਿਹਰਾ। ਪਿੱਛੇ ਭਾਰਾ ਜੂੜਾ ਵੀ ਹਲਕਾ ਜਿਹਾ ਤਸਵੀਰ ਵਿਚ ਨਜ਼ਰੀਂ ਪੈਂਦਾ ਸੀ। ਪੋਜ਼ ਹੀ ਅਜਿਹਾ ਸੀ। ਸਿਰ ’ਤੇ ਨਾਰੰਗੀ ਦੁਪੱਟਾ। ਹਾਲਾਂਕਿ ਤਸਵੀਰ ਵਿਚ ਚਿਹਰਾ ਹੀ ਸੀ, ਪਰ ਕਰਨਲ ਨੇ ‘ਆਮੀਨ’ ਦਾ ਗੁੰਦਵਾਂ ਸਰੀਰ ਜਿਵੇਂ ਮਨੋ-ਮਨੀ ਚਿਤਵ ਲਿਆ ਸੀ। ਆਖ਼ਰ ਉਸ ਨੇ ਵੀ ਦੁਨੀਆਂ ਦੇਖੀ ਸੀ। ਫੇਰ ਉਸ ਨੇ ਸਰਸਰੀ ਜਿਹੀ ਨਿਗ੍ਹਾ ‘ਆਮੀਨ’ ਦੀ ਕਵਿਤਾ ਉੱਪਰ ਮਾਰੀ। ਐਵੇਂ ਤੱਤ-ਸਾਰ ਜਿਹਾ ਜਾਨਣ ਲਈ। ਫੇਰ ਉਸ ਨੇ ਕਵਿਤਾ ਹੇਠਾਂ ਦਿੱਤੇ ਸੰਪਰਕ ਨੰਬਰ ਨੂੰ ਆਪਣੇ ਮੋਬਾਈਲ ਵਿਚ ਡਾਇਲ ਕੀਤਾ, ਪਰ ਮਿਲਾਇਆ ਨਹੀਂ ਅਤੇ ਹੌਲੀ ਜਿਹੇ ਕੋਠੀ ਦੇ ਲਾਅਨ ਵਿਚ ਚਲਾ ਗਿਆ। ਫੇਰ ਉਸ ਨੇ ਫੋਨ ਮਿਲਾਇਆ।
‘‘ਹੈਲੋ…।’’ ਅੱਗੋਂ ਇਕ ਬਹੁਤ ਹੀ ਮਿੱਠੀ, ਰਸ ਭਰੀ ਅਤੇ ਸੁਰੀਲੀ ਅਵਾਜ਼ ਟੁਣਕੀ।
‘‘ਸਤਿ ਸ੍ਰੀ ਅਕਾਲ ਜੀ, ਮੈਂ ਕਰਨਲ ਜੁਝਾਰ ਸਿੰਘ ਹਾਂ ਜੀ। ਆਮੀਨ ਜੀ, ਆਪ ਜੀ ਦੀ ਇਕ ਬੜੀ ਹੀ ਖ਼ੂਬਸੂਰਤ, ਦਿਲ ਵਿਚ ਡੂੰਘੀ ਲਹਿ ਜਾਣ ਵਾਲੀ ਨਜ਼ਮ ਪੜ੍ਹ ਕੇ ਹਟਿਆ ਹਾਂ ਜੀ। ਕਿਆ ਸ਼ਬਦ ਨੇ, ਕਿਆ ਸੋਚ ਐ। ਆਪ ਜੀ ਦੀ ਕਲਪਨਾ ਉਡਾਰੀਆਂ ਮਾਰਦੀ ਹੈ ਅਸਮਾਨੀਂ.. ਆਮੀਨ ਜੀ। ਵਾਹ।’’
‘‘ਜੀ… ਦਰਅਸਲ…’’ ਅੱਗੋਂ ਆਵਾਜ਼ ਆਈ।
‘‘ਤੁਹਾਡੀ ਇਹ ਨਜ਼ਮ ਤਾਂ ਕਲਾਸਿਕ ਹੈ ਆਮੀਨ ਜੀ। ਤੁਹਾਡੀ ਇਸੇ ਇਕ ਨਜ਼ਮ ਨੂੰ ਇਨਾਮ ਮਿਲਣਾ ਚਾਹੀਦੈ… ਅਕਾਦਮੀ ਦਾ। ਤੁਸੀਂ ਲੋਕਲ ਹੀ ਹੋ, ਇਹ ਜਾਣ ਕੇ ਖ਼ੁਸ਼ੀ ਹੋਈ। … ਮੈਂ ਵੀ ਪੰਦਰਾਂ ਸੈਕਟਰ ਵਿਚ ਹੀ ਰਿਹਾਇਸ਼ ਕੀਤੀ ਹੋਈ ਹੈ। ਕਦੇ ਦਰਸ਼ਨ ਕਰਾਂਗਾ ਜੀ ਆਪ ਦੇ।’’ ਕਰਨਲ ਆਪਣੇ ਵਲਵਲੇ ਇਕੋ ਸਾਹੇ ਸਾਂਝੇ ਕਰਨ ਲਈ ਉਤਾਵਲਾ ਸੀ।
‘‘ਅੰਕਲ ਕੋਈ ਗੱਲ ਨਹੀਂ, ਤੁਸੀਂ ਜਦੋਂ ਮਰਜ਼ੀ ਆਓ… ਪਰ।’’ ਪਰ ਅੱਗੋਂ ਮਿੱਠੀ ਅਵਾਜ਼ ਕੁਝ ਸ਼ਸ਼ੋਪੰਜ ਵਿਚ ਜਾਪੀ।
ਅੰਕਲ ਸੁਣ ਕਰਨਲ ਕੁਝ ਸਮੇਂ ਲਈ ਸਕਤੇ ਵਿਚ ਆ ਗਿਆ, ਪਰ ‘ਆਮੀਨ’ ਦੀ ਛੋਟੀ ਉਮਰ ਜਾਣ ਅਤੇ ਉਸ ਵੱਲੋਂ ਦਰਸ਼ਨ ਦੇਣ ਦੇ ਵਾਅਦੇ ਤੋਂ ਉਸ ਦੇ ਦਿਲ ਵਿਚ ਮਿੱਠੀ ਜਿਹੀ ਗੁਦਗੁਦੀ ਵੀ ਹੋਈ।
‘‘ਪਰ ਅੰਕਲ… ਇਹ ਪੋਇਮ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ… ਇਹ ਮੈਂ ਨਹੀਂ, ਮੇਰੀ ਦਾਦੀ ਮਾਂ ਨੇ ਲਿਖੀ ਹੈ। ਮੈਂ ਦਿੰਨੀ ਹਾਂ ਫੋਨ ਉਨ੍ਹਾਂ ਨੂੰ…। ਬੜੇ ਬੀਜੀ, ਤੁਹਾਡਾ ਫੋਨ ਐ। ਤੁਹਾਡੇ ਫੈਨ ਨੇ ਕੋਈ ਕਰਨਲ ਅੰਕਲ।’’ ਸੁਰੀਲੀ ਆਵਾਜ਼ ਆਪਣੀ ਬੜੀ ਬੀਜੀ ‘ਆਮੀਨ’ ਨੂੰ ਸੰਬੋਧਿਤ ਸੀ।
ਬੀਜੀ ਨੂੰ ਫ਼ੋਨ ’ਤੇ ਆਉਂਦਿਆਂ ਇੱਕ-ਅੱਧ ਮਿੰਟ ਲੱਗ ਗਿਆ। ਇਸ ਸਮੇਂ ਦੌਰਾਨ ਕਰਨਲ ਦੀ ਹਾਲਤ ਪਤਲੀ ਹੋਈ ਪਈ ਸੀ, ਪਰ ਹੁਣ ਕੀ ਕੀਤਾ ਜਾਵੇ ਗੱਲ ਤਾਂ ਕਰਨੀ ਹੀ ਪੈਣੀ ਸੀ।
‘‘ਜੀ… ਮੈਂ ਆਮੀਨ ਬੋਲਦੀ ਹਾਂ ਜੀ… ਸਤਿ ਸ੍ਰੀ ਅਕਾਲ ਕਰਨਲ ਸਾਹਿਬ,’’ ਅੱਗੋਂ ‘ਆਮੀਨ’ ਦੀ ਲਰਜ਼ਦੀ ਆਵਾਜ਼ ਆਈ।
‘‘ਜੀ..ਜੀ ਆਮੀਨ ਜੀ ਸਤਿ ਸ੍ਰੀ ਅਕਾਲ… ਦਰਅਸਲ ਮੈਂ ਤੁਹਾਡੀ ਨਜ਼ਮ ਪੜ੍ਹੀ ਸੀ… ਰਾਣੀ ਹਾਰ ਵਾਲੀ। ਚੰਗੀ ਲੱਗੀ ਜੀ…।’’ ਉਸ ਦੀ ਆਵਾਜ਼ ਹੁਣ ਜਿਵੇਂ ਬੈਠਦੀ ਜਾ ਰਹੀ ਸੀ।
‘‘ਅੱਛਾ! ਅੱਛਾ! ਰਾਣੀ ਹਾਰ ਵਾਲੀ!! ਇਹ ਨਜ਼ਮ ਮੈਂ ਸੱਤਰਵਿਆਂ ’ਚ ਲਿਖੀ ਸੀ ਜਦੋਂ ਮੈਂ ਪ੍ਰਿੰਸੀਪਲ ਸਾਂ… ਖ਼ਾਲਸਾ ਕਾਲਜ ਵਿਚ। ਅਖ਼ਬਾਰ ਦੇ ਸੰਪਾਦਕ ਦਾ ਫ਼ੋਨ ਆਇਆ ਕਿ ਤੁਸੀਂ ਬਜ਼ੁਰਗ ਸਾਹਿਤਕਾਰ ਹੋ। ਕੋਈ ਰਚਨਾ ਭੇਜੋ ਮਹਿਲਾ ਦਿਵਸ ਲਈ। ਸੋ ਮੈਂ ਭੇਜ ਦਿੱਤੀ ਇਹ ਕਵਿਤਾ। ਤੁਸੀਂ ਹੀ ਦੱਸਿਐ ਕਿ ਛਪ ਗਈ ਹੈ।’’ ਆਮੀਨ ਬੀਜੀ ਹੁਣ ਰੌਂਅ ਵਿਚ ਆ ਗਏ ਸਨ।
‘‘ਜੀ ਪਰ… ਤਸਵੀਰ ਤਾਂ ਆਪਦੀ…।’’
‘‘ਤਸਵੀਰ…’’ ਬੀਜੀ ਨੇ ਲੰਮਾ ਠਹਾਕਾ ਲਗਾਇਆ, ‘‘ਇਹ ਤਾਂ ਕਰਨਲ ਸਾਹਿਬ ਬੱਚਿਆਂ ਨੇ ਭੇਜ ਦਿੱਤੀ… ਮੇਰੀ ਕਾਲਜ ਵੇਲੇ ਦੀ ਜਦੋਂ ਬੀ.ਏ. ਕਰਦੀ ਸਾਂ। ਇਨ੍ਹਾਂ ਨੂੰ ਮੈਂ ਕਿਹਾ ਵੀ ਬਈ ਕੋਈ ਲੇਟੇਸਟ ਭੇਜ ਦਿਓ। ਕਹਿੰਦੇ ਨਹੀਂ, ਸਾਡੇ ਬੀਜੀ ਕੋਈ ਬੁੱਢੇ ਥੋੜ੍ਹੋ ਨੇ। ਬੱਚੇ ਵੀ ਬਸ ਕਈ ਦਫ਼ਾ ਹੱਦ ਹੀ ਕਰ ਦਿੰਦੇ ਨੇ… ਕਰਨਲ ਸਾਹਿਬ।’’ ਆਮੀਨ ਬੀਜੀ ਦੇ ਬੋਲਾਂ ਵਿਚ ਹੁਣ ਟੁਣਕ ਸੀ।
‘‘ਜੀ…ਜੀ… ਚੰਗੀ ਹੈ ਬੱਚਿਆਂ ਦੀ ਭਾਵਨਾ। ਚੰਗਾ ਜੀ ਆਪਣੀ ਸਿਹਤ ਦਾ ਖਿਆਲ ਰੱਖਣਾ ਬੀਜੀ…’’ ਕਰਨਲ ਦਾ ਬੋਲ ਜਾਣੀ ਮਸਾਂ ਹੀ ਸੰਘ ’ਚੋਂ ਨਿਕਲਿਆ।
‘‘ਹਾਂ…ਹਾਂ… ਬੇਟਾ ਖਿਆਲ ਰੱਖਾਂਗੀ। ਸ਼ੁਕਰੀਆ। ਤੁਸੀਂ ਵੀ ਧਿਆਨ ਰੱਖਣਾ ਆਪਣਾ। ਮਾਸਕ ਪਾਉਂਦੇ ਰਹਿਣਾ ਅਤੇ ਹੱਥ ਧੋਂਦੇ ਰਹਿਣਾ…। ਕਦੇ ਆਉਂਦੇ ਜਾਂਦੇ ਦਰਸ਼ਨ ਦੇਣਾ ਬੇਟਾ।’’ ਸ਼ਾਇਰਾ ਦੇ ਬੋਲਾਂ ਵਿਚ ਅਪਣੱਤ ਸੀ।
‘‘ਜੀ…ਜੀ… ਬੀਜੀ… ਕਦੇ ਆਵਾਂਗਾ ਜੀ। ਚੰਗਾ ਜੀ ਸਤਿ ਸ੍ਰੀ ਅਕਾਲ…।’’ ਕਰਨਲ ਨੇ ਜਾਣੋਂ ਮਸੀਂ ਫੋਨ ਬੰਦ ਕੀਤਾ।
ਹੁਣ ਉਹ ਮੁੜ ਆਪਣੇ ਡਰਾਇੰਗ ਰੂਮ ਵਿਚ ਆ ਚੁੱਕਾ ਸੀ। ਭਾਵੇਂ ਮੌਸਮ ਵਿਚ ਠੰਢਕ ਸੀ, ਪਰ ਉਸ ਦੇ ਮੱਥੇ ਉੱਤੇ ਤਰੇਲੀ ਉਭਰ ਆਈ ਸੀ।
ਸ਼ਿੰਦਰ ਉਸ ਨੂੰ ਉਡੀਕ ਉਡੀਕ ਆਪਣੀ ਚਾਹ ਪੀ ਚੁੱਕੀ ਸੀ ਅਤੇ ਮੁੜ ਰਸੋਈ ਵਿਚ ਚਲੀ ਗਈ ਸੀ। ਕਰਨਲ ਦੀ ਚਾਹ ਠੰਢੀ ਯਖ ਹੋ ਗਈ ਸੀ। ਕਰਨਲ ਦਾ ਹੀਆ ਕਿਸੇ ਹੋਰ ਕਵਿਤਾ ਜਾਂ ਸ਼ਾਇਰਾ ਨੂੰ ਨਿਹਾਰਣ ਦਾ ਨਾ ਪਿਆ। ਸ਼ਿੰਦਰ ਨੂੰ ਆਵਾਜ਼ ਦੇਣ ਦੀ ਬਜਾਏ ਆਪ ਹੀ ਆਪਣਾ ਕੱਪ ਚੁੱਕ ਚਾਹ ਮੁੜ ਗਰਮ ਕਰਨ ਲਈ ਰਸੋਈ ਵਿਚ ਆ ਗਿਆ।
– ਰੰਜੀਵਨ ਸਿੰਘ
ਸੰਪਰਕ: 98150-68816