ਇਕਬਾਲ ਸਿੰਘ ਸ਼ਾਂਤ
ਲੰਬੀ, 14 ਨਵੰਬਰ
ਬੀਤੀ ਰਾਤ ਅਣਪਛਾਤੇ ਚੋਰ ਇੰਟਰਸਟੇਟ ਪੁਲੀਸ ਨਾਕੇ ਤੋਂ ਥੋੜ੍ਹੀ ਦੂਰ ਅਤੇ ਪੁਲੀਸ ਦੀ ਰਾਤਰੀ ਗਸ਼ਤ ਦੇ ਬਾਵਜੂਦ ਐੱਚਡੀਐੱਫਸੀ ਬੈਂਕ ਦੀ ਮੰਡੀ ਕਿੱਲਿਆਂਵਾਲੀ ਬਰਾਂਚ ਦੀ ਕੰਧ ਵਿੱਚ ਸੰਨ੍ਹ ਲਗਾ ਕੇ ਅੰਦਰ ਵੜ ਗਏ। ਚੋਰਾਂ ਨੇ ਬੈਂਕ ਦੀ ਤਿਜੋਰੀ ਨੂੰ ਵੈਲਡਿੰਗ ਮਸ਼ੀਨ ਆਦਿ ਨਾਲ ਤੋੜਨ ਦੀ ਕੋਸ਼ਿਸ਼ ਕੀਤੀ। ਤਿਜੋਰੀ ਵਿੱਚ ਕਰੀਬ 15 ਲੱਖ ਰੁਪਏ ਸਨ। ਬੈਂਕ ਅਧਿਕਾਰੀਆਂ ਅਨੁਸਾਰ ਤਿਜੋਰੀ ਵਿਚਲੀ ਰਕਮ ਬਾਰੇ ਅਜੇ ਤੱਕ ਬੁਝਾਰਤ ਬਣੀ ਹੋਈ ਹੈ। ਚੋਰਾਂ ਵੱਲੋਂ ਨੁਕਸਾਨੇ ਜਾਣ ਕਰਕੇ ਉਹ ਖੁੱਲ੍ਹ ਨਹੀਂ ਰਹੀ। ਇਸ ਲਈ ਤਕਨੀਕੀ ਟੀਮ ਦੀ ਉਡੀਕ ਹੈ। ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ। ਘਟਨਾ ਸਮੇਂ ਬੈਂਕ ਦੇ ਏਟੀਐੱਮ ਕੈਬਿਨ ਵਿਚ ਗਾਰਡ ਮਨਪ੍ਰੀਤ ਸਿੰਘ ਵਾਸੀ ਸਿੰਘੇਵਾਲਾ ਮੌਜੂਦ ਸੀ, ਪ੍ਰੰਤੂ ਉਹ ਚੋਰਾਂ ਦੇ ਖੌਫ ਕਾਰਨ ਕੁਸਕਿਆ ਤੱਕ ਨਹੀਂ। ਗਾਰਡ ਅਨੁਸਾਰ ਚੋਰ ਕਰੀਬ ਸਾਢੇ 12 ਵਜੇ ਬੈਂਕ ਵਿੱਚ ਦਾਖਲ ਹੋਏ ਅਤੇ ਸਵੇਰੇ ਚਾਰ ਵਜੇ ਤੱਕ ਰਹੇ। ਉਸ ਨੇ ਕਿਹਾ ਕਿ ਹਥਿਆਰ ਨਾ ਹੋਣ ਕਰਕੇ ਉਹ ਚੋਰਾਂ ਦਾ ਮੁਕਾਬਲਾ ਕਰਨ ਦਾ ਹੌਸਲਾ ਨਹੀਂ ਕਰ ਸਕਿਆ। ਬੈਂਕ ਅੰਦਰੋਂ ਲਗਾਤਾਰ ਭੰਨ-ਤੋੜ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਉਸ ਮੁਤਾਬਕ ਚੋਰਾਂ ਨੇ ਅੰਦਰੋਂ ਏਟੀਐੱਮ ਕੈਬਿਨ ਦੇ ਦਰਵਾਜ਼ੇ ਦਾ ਤਾਲਾ ਤੋੜਨ ਦੀ ਅਸਫ਼ਲ ਕੋਸ਼ਿਸ਼ ਕੀਤੀ ਅਤੇ ਉਸ ਨੂੰ ਸ਼ੀਸ਼ੇ ਵਿੱਚੋਂ ਲਲਕਾਰਦੇ ਰਹੇ। ਗਾਰਡ ਨੇ ਕਿਹਾ ਕਿ ਮੋਬਾਈਲ ਰੀਚਾਰਜ ਨਾ ਹੋਣ ਕਰਕੇ ਉਹ ਪੁਲੀਸ ਨੂੰ ਫੋਨ ਨਹੀਂ ਕਰ ਸਕਿਆ। ਉਸ ਨੇ ਕਿਹਾ ਕਿ ਉਸ ਨੂੰ ਏਪੀਐੱਸ ਸਕਿਉਰਿਟੀ ਕੰਪਨੀ 10-12 ਫ਼ੀਸਦੀ ਕੱਟ ਕੇ ਸਿਰਫ 57 ਸੌ ਰੁਪਏ ਤਨਖ਼ਾਹ ਦਿੰਦੀ ਹੈ, ਉਹ ਇੰਨੀ ਘੱਟ ਤਨਖ਼ਾਹ ਲਈ ਜਾਨ ਖ਼ਤਰੇ ਵਿਚ ਨਹੀਂ ਪਾ ਸਕਦਾ। ਕਿੱਲਿਆਂਵਾਲੀ ਚੌਕੀ ਦੇ ਏਐੱਸਆਈ ਸੁਖਦਿਆਲ ਸਿੰਘ ਘਟਨਾ ਸਥਲ ’ਤੇ ਪੁੱਜੇ ਅਤੇ ਜਾਂਚ ਕੀਤੀ। ਬੈਂਕ ਮੈਨੇਜਰ ਬਨਦੀਪ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਮੁਤਾਬਕ ਚੋਰਾਂ ਦੀ ਗਿਣਤੀ ਤਿੰਨ ਤੋਂ ਚਾਰ ਸੀ ਅਤੇ ਉਨ੍ਹਾਂ ਦੇ ਮੂੰਹ ਢਕੇ ਹੋਏ ਸਨ।
ਗਾਰਡ ਹਿੰਮਤ ਕਰਦਾ ਤਾਂ ਚੋਰ ਫੜੇ ਜਾਣੇ ਸਨ: ਡੀਐੱਸਪੀ
ਮਲੋਟ ਦੇ ਡੀਐੱਸਪੀ ਜਸਪਾਲ ਸਿੰਘ ਨੇ ਕਿਹਾ ਕਿ ਸ਼ਿਕਾਇਤ ’ਤੇ ਪੜਤਾਲ ਕੀਤੀ ਜਾ ਰਹੀ ਹੈ। ਗਾਰਡ ਨੇ ਹੌਸਲਾ ਕੀਤਾ ਹੁੰਦਾ ਤਾਂ ਚੋਰ ਤੁਰੰਤ ਫੜੇ ਜਾਣੇ ਸਨ। ਉਨ੍ਹਾਂ ਕਿ ਰਾਤ ਸਮੇਂ ਪੁਲੀਸ ਮੰਡੀ ਕਿੱਲਿਆਂਵਾਲੀ ਵਿੱਚ ਗਸ਼ਤ ’ਤੇ ਸੀ ਅਤੇ ਨੇੜੇ ਪੁਲੀਸ ਦਾ ਇੰਟਰਸਟੇਟ ਨਾਕਾ ਵੀ ਹੈ।