ਨਵੀਂ ਦਿੱਲੀ, 3 ਜੁਲਾਈ
ਸੂਚਨਾ ਤੇ ਪ੍ਰਸਾਰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਗੂਗਲ, ਫੇਸਬੁੱਕ ਤੇ ਇੰਸਟਾਗ੍ਰਾਮ ਵੱਲੋਂ ਸ਼ਿਕਾਇਤਾਂ ਦੇ ਨਬਿੇੜੇ ਬਾਰੇ ਪਹਿਲੀ ਵਾਰ ਰਿਪੋਰਟ ਦਾਇਰ ਕਰਨ ਦੀ ਸ਼ਲਾਘਾ ਕੀਤੀ ਹੈ। ਇਹ ਰਿਪੋਰਟ ਨਵੇਂ ਆਈਟੀ ਨੇਮਾਂ ਤਹਿਤ ਇਤਰਾਜ਼ਯੋਗ ਸਮੱਗਰੀ ਹਟਾਉਣ ਬਾਰੇ ਹੈ। ਕੇਂਦਰੀ ਮੰਤਰੀ ਨੇ ਇਸ ਨੂੰ ਪਾਰਦਰਸ਼ਤਾ ਵੱਲ ਵੱਡਾ ਕਦਮ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਵੇਂ ਆਈਟੀ ਨੇਮਾਂ ਤਹਿਤ ਵੱਡੇ ਡਿਜੀਟਲ ਪਲੈਟਫਾਰਮਾਂ ਲਈ (ਜਿਨ੍ਹਾਂ ਨਾਲ 50 ਲੱਖ ਤੋਂ ਵੱਧ ਲੋਕ ਜੁੜੇ ਹੋਏ ਹਨ) ਹਰੇਕ ਮਹੀਨੇ ‘ਕੰਪਲਾਇੰਸ ਰਿਪੋਰਟ’ ਦਾਖਲ ਕਰਨੀ ਜ਼ਰੂਰੀ ਕਰ ਦਿੱਤੀ ਗਈ ਹੈ। ਸਮੱਗਰੀ (ਕੰਟੈਂਟ) ਬਾਰੇ ਚੁੱਕੇ ਗਏ ਕਦਮਾਂ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ। ਪ੍ਰਸਾਦ ਨੇ ਟਵੀਟ ਕਰਦਿਆਂ ਕਿਹਾ ਕਿ ਗੂਗਲ, ਫੇਸਬੁੱਕ ਤੇ ਇੰਸਟਾਗ੍ਰਾਮ ਵੱਲੋਂ ਰਿਪੋਰਟ ਦੇਣੀ ਸਵਾਗਤਯੋਗ ਹੈ। ਇਨ੍ਹਾਂ ਤਿੰਨਾਂ ਪਲੈਟਫਾਰਮਾਂ ਵੱਲੋਂ ਰਿਪੋਰਟ ਜਮ੍ਹਾਂ ਕਰਵਾਏ ਜਾਣ ਨਾਲ ‘ਟਵਿੱਟਰ’ ਅਤੇ ਸਰਕਾਰ ਵਿਚਾਲੇ ਟਕਰਾਅ ਹੋਰ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ‘ਟਵਿੱਟਰ’ ਤੇ ਸਰਕਾਰ ਵਿਚਾਲੇ ਨਵੇਂ ਆਈਟੀ ਨੇਮਾਂ ’ਤੇ ਲੰਮੇ ਸਮੇਂ ਤੋਂ ਟਕਰਾਅ ਬਣਿਆ ਹੋਇਆ ਹੈ। ‘ਟਵਿੱਟਰ’ ਨੇ ਨਵੇਂ ਆਈਟੀ ਨੇਮਾਂ ਦੀ ਪਾਲਣਾ ਵਿਚ ਦੇਰੀ ਕੀਤੀ ਹੈ ਤੇ ਭਾਰਤ ’ਚ ਇਸ ਨੂੰ ਕਾਨੂੰਨੀ ਕਾਰਵਾਈ ਤੋਂ ਮਿਲੀ ਹੋਈ ਛੋਟ ਖ਼ਤਮ ਹੋ ਚੁੱਕੀ ਹੈ। ਫੇਸਬੁੱਕ ਨੇ ਸ਼ੁੱਕਰਵਾਰ ਕਿਹਾ ਕਿ ਇਸ ਨੇ 15 ਮਈ ਤੋਂ 15 ਜੂਨ ਤੱਕ 10 ਵੱਖ-ਵੱਖ ਵਰਗਾਂ ’ਚ ਉਲੰਘਣਾ ਦੇ ਘੇਰੇ ਵਿਚ ਆਉਂਦੇ ਆਨਲਾਈਨ ਕੰਟੈਂਟ ਦੇ ਤਿੰਨ ਕਰੋੜ ‘ਪੀਸ’ ਛਾਂਟ ਕੇ ਕਾਰਵਾਈ ਕੀਤੀ ਹੈ। ਇੰਸਟਾਗ੍ਰਾਮ ਨੇ ਨੌਂ ਵਰਗਾਂ ਵਿਚ ਉਲੰਘਣਾ ਦੇ ਦੋ ਕਰੋੜ ਮਾਮਲਿਆਂ ’ਚ ਕਾਰਵਾਈ ਕੀਤੀ ਹੈ। ਗੂਗਲ ਨੇ ਦੱਸਿਆ ਹੈ ਕਿ ਇਸ ਨੂੰ (ਗੂਗਲ ਤੇ ਯੂਟਿਊਬ ਨੂੰ) ਇਸ ਵਰ੍ਹੇ ਅਪਰੈਲ ਵਿਚ 27,762 ਸ਼ਿਕਾਇਤਾਂ ਮਿਲੀਆਂ ਸਨ ਜੋ ਕਿ ਸਥਾਨਕ ਕਾਨੂੰਨਾਂ ਤੇ ਨਿੱਜੀ ਹੱਕਾਂ ਦੀ ਉਲੰਘਣਾ ਨਾਲ ਜੁੜੀਆਂ ਸਨ। ਇਸੇ ਤਰ੍ਹਾਂ ‘ਕੂ’ ਐਪ ਨੇ ਵੀ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ ਹੈ। -ਪੀਟੀਆਈ