ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੂਨ
ਰੋਹਿਣੀ ਜੇਲ੍ਹ ਦੇ ਪਿੱਛੇ ਕੌਮੀ ਰਾਜਧਾਨੀ ਦੇ ਬਦਲੀ ਇਲਾਕੇ ਵਿੱਚ ਬੀਤੀ ਦੇਰ ਰਾਤ ਪਲਾਸਟਿਕ ਦੇ ਗੁਦਾਮ ਵਿੱਚ ਭਿਆਨਕ ਅੱਗ ਲੱਗ ਗਈ। ਤੜਕੇ ਦੋ ਵਜੇ ਦੇ ਕਰੀਬ ਵਾਪਰੀ ਘਟਨਾ ਤੋਂ ਤੁਰੰਤ ਬਾਅਦ 23 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਅੱਗ ’ਤੇ ਪਾਣੀ ਦਾ ਛਿੜਕਾਅ ਕਰਨ ਲਈ ਰੋਬੋਟਿਕ ਯੰਤਰ ਦੀ ਵਰਤੋਂ ਕੀਤੀ ਗਈ। ਅਧਿਕਾਰੀ ਅਨੁਸਾਰ, ਉੱਤਰੀ ਦਿੱਲੀ ਦੇ ਹੈਦਰਪੁਰ ਮੈਟਰੋ ਸਟੇਸ਼ਨ ਦੇ ਨੇੜੇ ਏ 69 ’ਤੇ ਇੱਕ ਪਲਾਸਟਿਕ ਦਾਣਾ ਫੈਕਟਰੀ ਵਿੱਚ ਅੱਗ ਲੱਗਣ ਬਾਰੇ ਸਵੇਰੇ 2.10 ਵਜੇ ਸੂਚਨਾ ਮਿਲਣ ਤੋਂ ਬਾਅਦ ਪੰਜ ਫਾਇਰ ਬ੍ਰਿਗੇਡ ਗੱਡੀਆਂ ਤੁਰੰਤ ਭੇਜੀਆਂ ਗਈਆਂ। ਅੱਗ ’ਤੇ ਕਾਬੂ ਹੁੰਦਾ ਨਾ ਦੇਖ 18 ਹੋਰ ਫਾਇਰ ਬ੍ਰਿਗੇਡ ਗੱਡੀਆਂ ਘਟਨਾ ਸਥਾਨ ’ਤੇ ਭੇਜੀਆਂ ਗਈਆਂ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ ਕਿ ਅੱਗ ਬੁਝਾਉਣ ਲਈ 23 ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਮੌਜੂਦ ਸਨ। ਜ਼ਿਕਰਯੋਗ ਹੈ ਕਿ ਦਿੱਲੀ ਫਾਇਰ ਸਰਵਿਸ ਵੱਲੋਂ ਅੱਗ ’ਤੇ ਪਾਣੀ ਦਾ ਛਿੜਕਾਅ ਕਰਨ ਲਈ ਰੋਬੋਟਿਕ ਯੰਤਰ ਦੀ ਵਰਤੋਂ ਕੀਤੀ ਗਈ। ਮਈ ਵਿੱਚ ਰੋਬੋਟਿਕ ਮਸ਼ੀਨ ਨੂੰ ਅਧਿਕਾਰਤ ਤੌਰ ’ਤੇ ਪੇਸ਼ ਕੀਤਾ ਗਿਆ ਸੀ। ਰੋਬੋਟ ਨੂੰ ਵਾਇਰਲੈੱਸ ਰਿਮੋਟ ਰਾਹੀਂ ਕੰਟਰੋਲ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਪਾਣੀ ਦੀਆਂ ਪਾਈਪਾਂ ਹਨ। ਜਦੋਂ ਇਹ ਅੱਗ ਦੇ ਸਥਾਨ ’ਤੇ ਪਹੁੰਚਦਾ ਹੈ ਤਾਂ ਇਹ ਆਪਣੇ ਹਵਾਦਾਰੀ ਪ੍ਰਣਾਲੀ ਦੀ ਵਰਤੋਂ ਕਰਕੇ ਧੂੰਏਂ ਨੂੰ ਵੀ ਹਟਾ ਸਕਦਾ ਹੈ।