ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਅਕਤੂਬਰ
ਖੇਤੀ ਕਾਨੂੰਨਾਂ ਦੇ ਵਿਰੋਧੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਲੋਕ ਰੋਹ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਇਨ੍ਹਾਂ ਧਰਨਿਆਂ ’ਚ ਜਿੱਥੇ ਔਰਤਾਂ ਵਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ, ਉੱਥੇ ਹੀ ਨਿੱਕੇ-ਨਿੱਕੇ ਬੱਚੇ ਵੀ ਝੰਡੇ ਚੁੱਕੀਂ ਫਿਰਦੇ ਹਨ। ਇਸ ਤਰ੍ਹਾਂ ਕਿਸਾਨਾਂ ਦਾ ਇਹ ਅੰਦੋਲਨ ਹਰ ਵਰਗ ਦਾ ਸਾਂਝਾ ਘੋਲ ਹੋ ਨਿੱਬੜਿਆ ਹੈ। ਜ਼ਿਲ੍ਹੇ ਅੰਦਰ ਸ਼ੰਭੂ ਨੇੜੇ ਰੇਲਵੇ ਲਾਈਨ, ਰਾਜਪੁਰਾ ਰੋਡ ’ਤੇ ਹੀ ਕੌਮੀ ਸ਼ਾਹਰਾਹ ’ਤੇ ਧਰੇੜੀ ਜੱਟਾਂ ਵਿੱਚ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦਾ ਧਰਨਾ ਜਾਰੀ ਹੈ। ਇਸ ਤੋਂ ਇਲਾਵਾ ਕਲਿਆਣ, ਚਹਿਲ ਤੇ ਅਸਰਪੁਰ ਚੁਪਕੀ ਆਦਿ ਨੈਸ਼ਨਲ ਅਤੇ ਸਟੇਟ ਹਾਈਵੇਅ ਵਾਲੇ ਟੌਲ ਪਲਾਜ਼ਿਆਂ ’ਤੇ ਵੀ ਧਰਨਿਆਂ ਦੇ ਰੂਪ ਵਿਚ ਕਿਸਾਨਾਂ ਦੇ ਕਬਜ਼ੇ ਬਰਕਰਾਰ ਹਨ, ਜੋ ਕਿਸੇ ਵਾਹਨ ਦੀ ਪਰਚੀ ਨਹੀਂ ਕੱਟਣ ਦੇ ਰਹੇ। ਉੱਧਰ, ਕਿਸਾਨ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹੇ ਅੰਦਰ ਅੱੱਧੀ ਦਰਜਨ ਪੈਟਰੋਲ ਪੰਪਾਂ ਸਮੇਤ ਇੱਕ ਭਾਜਪਾ ਆਗੂ ਦੇ ਘਰ ਅੱਗੇ ਧਰਨੇ ਚੱਲ ਰਹੇ ਹਨ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਕਿਸਾਨ ਜਥੇਬੰਦੀਆਂ ਦੇ ਰੇਲ ਰੋਕੋ ਅੰਦੋਲਨ ਤਹਿਤ ਸਥਾਨਕ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਵਿਸ਼ਾਲ ਰੋਸ ਧਰਨੇ ਦੇ 19ਵੇਂ ਦਿਨ ਕਿਸਾਨ ਆਗੂਆਂ ਨੇ ਸਿਆਸੀ ਪਾਰਟੀਆਂ ਤੋਂ ਆਸ ਛੱਡਦੇ ਹੋਏ ਪੰਜਾਬ ਦੇ ਲੋਕਾਂ ਨੂੰ ਜਥੇਬੰਦੀਆਂ ਦੇ ਏ ਕੇ ਨੂੰ ਮਜ਼ਬੂਤ ਕਰਨ ਅਤੇ ਸੰਘਰਸ਼ਾਂ ਨੂੰ ਤਕੜਾ ਕਰਨ ਦਾ ਸੱਦਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿਚ ਬਾਹਰਲੇ ਰਾਜਾਂ ਤੋਂ ਆ ਰਹੇ ਝੋਨੇ ਲਈ ਸਿਆਸੀ ਪਾਰਟੀਆਂ ਦੇ ਆਗੂਆਂ, ਵਪਾਰੀਆਂ ਅਤੇ ਅਫ਼ਸਰਸ਼ਾਹੀ ਦੇ ਗੱਠਜੋੜ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਰੇਲ ਰੋਕੋ ਅੰਦੋਲਨ ’ਚ ਪਿੰਡਾਂ ’ਚੋ ਕਿਸਾਨ, ਬੀਬੀਆਂ, ਬਜ਼ੁਰਗ, ਨੌਜ਼ਵਾਨ ਤੇ ਬੱਚੇ ਟਰੈਕਟਰ-ਟਰਾਲੀਆਂ ਰਾਹੀਂ ਹੁੰਮ ਹੁੰਮਾ ਕੇ ਪੁੱਜ ਰਹੇ ਹਨ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਇੱਥੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੀ ਕੋਠੀ ਅੱਗੇ ਚੱਲ ਰਹੇ ਬੇਮਿਆਦੀ ਰੋਸ ਧਰਨੇ ਦੇ 7ਵੇਂ ਦਿਨ ਕਿਸਾਨ ਬੀਬੀਆਂ ਵਲੋਂ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਖੇਤੀ ਮਾਰੂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਪੰਜਾਬ ਵਿਚ ਰਾਵਣ ਦੀ ਜਗ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫ਼ੂਕੇ ਜਾਣਗੇ। ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਭਾਜਪਾ ਆਗੂ ਦੀ ਕੋਠੀ ਅੱਗੇ 7ਵੇਂ ਦਿਨ ਰੋਸ ਧਰਨਾ ਜਾਰੀ ਰਿਹਾ।