ਲਹਿਰਾਗਾਗਾ: ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਪੂਰੀ ਤਰਾਂ ਨਾਲ ਸਿਆਸੀ ਬਦਲਾਖੋਰੀ ਤੋਂ ਪ੍ਰਭਾਵਿਤ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਇਹ ਦੋਸ਼ ਪ੍ਰਿੰ. ਡਾਕਟਰ ਕੁਲਦੀਪ ਸਿੰਘ ਚੂੜਲ ਸੂਬਾ ਜਨਰਲ ਸਕੱਤਰ ਕਾਂਗਰਸ ਸ਼ਿਕਾਇਤ ਨਿਵਾਰਨ ਕਮੇਟੀ ਨੇ ਲਾਏ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨਿਧੜਕ ਆਗੂ ਅਤੇ ਪ੍ਰਭਾਵਸ਼ਾਲੀ ਬੁਲਾਰੇ ਹਨ। ਉਹ ਸਮੇਂ ਸਮੇਂ ’ਤੇ ਪੰਜਾਬ ਦੇ ਮੁੱਦਿਆਂ ’ਤੇ ਆਪਣੇ ਵਿਚਾਰਾਂ ਰਾਹੀਂ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਅਗਾਮੀ ਚੋਣਾਂ ਨੂੰ ਦੇਖਦਿਆਂ ਕੇਂਦਰ ਸਰਕਾਰ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਚੋਣਾਂ ਤੋਂ ਲਾਂਭੇ ਰੱਖਣ ਲਈ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜੋ ਕਿ ਪੂਰੀ ਤਰਾਂ ਨਾਲ ਗੈਰ ਸੰਵਿਧਾਨਕ ਅਤੇ ਧੱਕਾ ਹੈ। ਪ੍ਰਿੰ. ਕੁਲਦੀਪ ਸਿੰਘ ਚੂੜਲ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਲਾਂਭੇ ਕਰਦਿਆਂ ਆਲੋਚਨਾ ਕਰਨ ਵਾਲਿਆਂ ਖਿਲਾਫ਼ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਦੀ ਹੈ। ਉਨਾਂ ਕਿਹਾ ਕਿ ਦੇਸ਼ ’ਚ ਬੁੱਧੀਜੀਵੀ ਅਤੇ ਚਿੰਤਕ ਲੋਕਾਂ ਨੂੰ ਲੋਕ ਮੁੱਦਿਆਂ ’ਤੇ ਬੋਲਣ ਤੋਂ ਰੋਕਣ ਲਈ ਡਰਾਉਣ ਵਾਲੀਆਂ ਕਾਰਵਾਈਆਂ ਕੇਂਦਰ ਸਰਕਾਰ ਵੱਲੋਂ ਲਗਾਤਾਰ ਜਾਰੀ ਹਨ।-ਪੱਤਰ ਪ੍ਰੇਰਕ