ਨਵੀਂ ਦਿੱਲੀ, 2 ਅਗਸਤ
ਸੁਪਰੀਮ ਕੋਰਟ ਨੇ ਕੇਰਲਾ ਦੇ ਕੋਟਿਯੂਰ ’ਚ ਰਹਿਣ ਵਾਲੀ ਜਬਰ-ਜਨਾਹ ਪੀੜਤਾ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ ਜਿਸ ’ਚ ਉਸ ਨੇ ਦੋਸ਼ੀ ਸਾਬਕਾ ਪਾਦਰੀ ਨਾਲ ਵਿਆਹ ਕਰਾਉਣ ਦੀ ਮਨਜ਼ੂਰੀ ਮੰਗੀ ਸੀ। ਸਾਬਕਾ ਪਾਦਰੀ 20 ਸਾਲ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਸਿਖਰਲੀ ਅਦਾਲਤ ਨੇ ਸਾਬਕਾ ਪਾਦਰੀ ਵੱਲੋਂ ਵੱਖਰੇ ਤੌਰ ’ਤੇ ਜ਼ਮਾਨਤ ਲਈ ਦਾਖ਼ਲ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਹੈ। ਇਸ ਅਰਜ਼ੀ ’ਚ ਉਸ ਨੇ ਜਬਰ-ਜਨਾਹ ਪੀੜਤਾ ਨਾਲ ਵਿਆਹ ਕਰਨ ਲਈ ਜ਼ਮਾਨਤ ਦੇਣ ਦੀ ਬੇਨਤੀ ਕੀਤੀ ਸੀ। ਉਸ ਨੇ ਦਲੀਲ ਦਿੱਤੀ ਸੀ ਕਿ ਘਟਨਾ ਵੇਲੇ ਪੀੜਤਾ ਨਾਬਾਲਗ ਸੀ ਅਤੇ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਜਸਟਿਸ ਵਿਨੀਤ ਸਰਨ ਅਤੇ ਦਿਨੇਸ਼ ਮਹੇਸ਼ਵਰੀ ਦੇ ਬੈਂਚ ਨੇ ਸਾਬਕਾ ਪਾਦਰੀ ਨੂੰ ਕਿਹਾ,‘‘ਹਾਈ ਕੋਰਟ ਨੇ ਸੋਚ-ਸਮਝ ਕੇ ਫ਼ੈਸਲਾ ਸੁਣਾਇਆ ਹੈ ਅਤੇ ਅਸੀਂ ਉਸ ਦੇ ਫ਼ੈਸਲੇ ’ਚ ਦਖ਼ਲ ਨਹੀਂ ਦੇਣਾ ਚਾਹਾਂਗੇ।’’ ਬੈਂਚ ਨੇ ਪੀੜਤਾ ਨੂੰ ਕਿਹਾ ਕਿ ਉਹ ਸਾਬਕਾ ਪਾਦਰੀ ਨਾਲ ਵਿਆਹ ਕਰਨ ਦੀ ਆਪਣੀ ਅਰਜ਼ੀ ਹੇਠਲੀ ਅਦਾਲਤ ’ਚ ਦਾਖ਼ਲ ਕਰ ਸਕਦੀ ਹੈ। ਸਾਬਕਾ ਪਾਦਰੀ ਦੇ ਵਕੀਲ ਅਮਿਤ ਜੌਰਜ ਨੇ ਕਿਹਾ ਕਿ ਹਾਈ ਕੋਰਟ ਨੇ ਇਸ ਮਾਮਲੇ ’ਚ ਵਿਆਹ ਦੇ ਸਬੰਧ ’ਚ ਵਿਆਪਕ ਨਿਰਦੇਸ਼ ਦਿੱਤੇ ਹਨ ਜੋ ਇਕ ਬੁਨਿਆਦੀ ਹੱਕ ਹੈ। ਬੈਂਚ ਨੇ ਜੌਰਜ ਤੋਂ ਪੀੜਤਾ ਅਤੇ ਸਾਬਕਾ ਪਾਦਰੀ ਦੀ ਉਮਰ ਬਾਰੇ ਜਾਣਕਾਰੀ ਮੰਗੀ ਤਾਂ ਪਤਾ ਲੱਗਾ ਕਿ ਸਾਬਕਾ ਪਾਦਰੀ 49 ਅਤੇ ਪੀੜਤਾ 24 ਸਾਲ ਦੀ ਹੈ। ਬੈਂਚ ਨੇ ਜੌਰਜ ਨੂੰ ਕਿਹਾ ਕਿ ਉਨ੍ਹਾਂ ਖੁਦ ਹਾਈ ਕੋਰਟ ਤੋਂ ਨਿਰਦੇਸ਼ ਲਏ ਹਨ ਅਤੇ ਉਹ ਇਸ ’ਚ ਦਖ਼ਲ ਨਹੀਂ ਦੇਣਾ ਚਾਹੁਣਗੇ। ਪੀੜਤਾ ਵੱਲੋਂ ਪੇਸ਼ ਸੀਨੀਅਰ ਵਕੀਲ ਕਿਰਨ ਸੂਰੀ ਨੇ ਕਿਹਾ ਕਿ ਉਸ ਨੇ ਦੋਸ਼ੀ ਲਈ ਦੋ ਮਹੀਨਿਆਂ ਦੀ ਅੰਤਰਿਮ ਜ਼ਮਾਨਤ ਮੰਗੀ ਹੈ ਤਾਂ ਜੋ ਉਹ ਵਿਆਹ ਕਰ ਸਕੇ। -ਪੀਟੀਆਈ